ਭਾਜਪਾ ਸਰਕਾਰ ਪੰਜਾਬ ਨਾਲ ਕਰ ਰਹੀ ਹੈ ਜਬਰਦਸਤੀ, ਪਾਣੀ ਦੀ ਇਕ ਬੂੰਦ ਵੀ ਸਾਂਝੀ ਨਹੀਂ ਕੀਤੀ ਜਾਵੇਗੀ : ਬ੍ਰਮ ਸ਼ੰਕਰ ਜਿੰਪਾ

ਹੁਸ਼ਿਆਰਪੁਰ, 1 ਮਈ ( ਹਰਪਾਲ ਲਾਡਾ ): ਕੇਂਦਰ ਦੀ ਭਾਜਪਾ ਸਰਕਾਰ ਦੀ ਸ਼ਹਿ ’ਤੇ ਬੀ.ਬੀ.ਐਮ.ਬੀ ਵਲੋਂ ਹਰਿਆਣਾ ਨੂੰ ਜਬਰਨ 8500 ਕਿਊਸਿਕ ਵਾਧੂ ਪਾਣੀ ਛੱਡੇ ਜਾਣ ਦੇ ਫੈਸਲੇ ਦੇ ਵਿਰੋਧ ਵਿਚ ਅੱਜ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਦੀ ਅਗਵਾਈ ਵੀ ਲੇਬਰ ਸ਼ੈਡ ਤੋਂ ਭਾਜਪਾ ਦਫ਼ਤਰ ਹੁਸ਼ਿਆਰਪੁਰ ਤੱਕ ਜ਼ੋਰਦਾਰ ਰੋਸ ਮਾਰਚ ਕੱਢਿਆ ਗਿਆ।
ਇਸ ਮੌਕੇ ਜਿੰਪਾ ਨੇ ਕਿਹਾ ਕਿ ਪੰਜਾਬ ਕੋਲ ਕੇਵਲ ਆਪਣੇ ਹਿੱਸੇ ਦਾ ਹੀ ਪਾਣੀ ਹੈ ਜਿਸ ਨੂੰ ਜਬਰਦਸਤੀ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਭਾਜਪਾ ਵਲੋਂ ਪੰਜਾਬ ਨਾਲ ਕੀਤੀ ਜਾ ਰਹੀ ਜਬਰਦਸਤੀ ਅਤੇ ਅਤਿਆਚਾਰ ਨੂੰ ਤੁਰੰਤ ਰੋਕਿਆ ਜਾਵੇ।


ਆਪ ਪਾਰਟੀ ਦੇ ਵਰਕਰਾਂ ਅਤੇ ਵੱਡੀ ਗਿਣਤੀ ਵਿਚ ਮੌਜੂਦ ਨੇਤਾਵਾਂ ਨੇ ਕੇਂਦਰ ਸਰਕਾਰ, ਹਰਿਆਣਾ ਸਰਕਾਰ, ਭਾਜਪਾ ਅਤੇ ਬੀ.ਬੀ.ਐਮ.ਬੀ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜੀ ਕਰਦੇ ਹੋਏ ਵਿਰੋਧ ਪ੍ਰਗਟ ਕੀਤਾ।

ਵਿਧਾਇਕ ਜਿੰਪਾ ਨੇ ਕਿਹਾ ਕਿ ਹਰਿਆਣਾ ਪਹਿਲੇ ਹੀ ਆਪਣੇ ਹਿੱਸੇ ਤੋਂ ਵੱਧ ਪਾਣੀ ਲੈ ਚੁੱਕਾ ਹੈ ਅਤੇ ਹੁਣ 8500 ਕਿਊਸਿਕ ਪਾਣੀ ਜ਼ਬਰਦਸਤੀ ਲੈ ਕੇ ਪੰਜਾਬ ਨਾਲ ਬੇਇਨਸਾਫ਼ੀ ਕਰ ਰਿਹਾ ਹੈ ਜਿਸ ਨੂੰ ਪੰਜਾਬ ਸਰਕਾਰ ਵਲੋਂ ਕਦੇ ਵੀ ਸਹਿਨ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਦੀ ਕੇਂਦਰ ਸਰਕਾਰ ਹਰਿਆਣਾ, ਦਿੱਲੀ ਅਤੇ ਰਾਜਸਥਾਨ ਦੀਆਂ ਸਰਕਾਰਾਂ ਨਾਲ ਮਿਲ ਕੇ ਪੰਜਾਬ ਅਤੇ ਪੰਜਾਬੀਆਂ ਖਿਲਾਫ਼ ਗਹਿਰੀ ਸਾਜਿਸ਼ ਰਚੀ ਜਾ ਰਹੀ ਹੈ। ਇਸ ਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ। ਪੰਜਾਬ ਦਾ ਕਿਸਾਨ ਅਤੇ ਉਦਯੋਗ ਬਿਨਾ ਪਾਣੀ ਦੇ ਬਰਬਾਦ ਹੋ ਜਾਵੇਗਾ ਇਸ ਲਈ ਆਪਣੇ ਹੱਕ ਦੇ ਪਾਣੀ ’ਤੇ ਕਿਸੇ ਵੀ ਸੂਰਤ ਵਿਚ ਡਾਕਾ ਨਹੀਂ ਪੈਣ ਦਿੱਤਾ ਜਾਵੇਗਾ।
ਵਿਧਾਇਕ ਨੇ ਦੋਸ਼ ਲਗਾਇਆ ਕਿ ਇਹ ਇਕ ਸੋਚੀ-ਸਮਝੀ ਸਾਜਿਸ਼ ਹੈ ਜਿਸ ਤਹਿਤ ਕੇਂਦਰ ਦੀ ਭਾਜਪਾ ਸਰਕਾਰ, ਹਰਿਆਣਾ ਸਰਕਾਰ ਅਤੇ ਬੀ.ਬੀ.ਐਮ.ਬੀ. ਮਿਲ ਕੇ ਪੰਜਾਬ ਦਾ ਪਾਣੀ ਖੋਹਣਾ ਚਾਹੁੰਦੇ ਹਨ ਪਰੰਤੂ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਇਸ ਨੂੰ ਕਦੇ ਵੀ ਸਫ਼ਲ ਨਹੀਂ ਹੋਣ ਦੇਵੇਗੀ।
ਅਖੀਰ ਵਿਚ ਉਨ੍ਹਾਂ ਸਪੱਸ਼ਟ ਕਿਹਾ ਕਿ ਪੰਜਾਬ ਦਾ ਪਾਣੀ ਸਾਡੀ ਅਮਾਨਤ ਹੈ ਇਸ ਨੂੰ ਕਿਸੇ ਨਾਲ ਸਾਂਝਾ ਨਹੀਂ ਕੀਤਾ ਜਾਵੇਗਾ। ਰਾਜ ਸਰਕਾਰ ਪੰਜਾਬ ਦੇ ਅਧਿਕਾਰਾਂ ਦੀ ਰੱਖਿਆ ਲਈ ਪੂਰੀ ਮਜ਼ਬੂਤ ਨਾਲ ਖੜ੍ਹੀ ਹੈ ਅਤੇ ਭਾਜਪਾ ਦੀ ਜਬਰਦਸਤੀ ਨੂੰ ਕਦੇ ਸਫ਼ਲ ਨਹੀਂ ਹੋਣ ਦੇਵੇਗੀ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੰਦੀਪ ਚੇਚੀ, ਕੌਂਸਲਰ ਬਲਵਿੰਦਰ, ਲੱਕੀ ਚੰਦਨ, ਸੰਤੋਸ਼ ਸੈਣੀ, ਸੁਮਨ, ਰਾਜਨ ਬਸੀ ਗੁਲਾਮ ਹੁਸੈਨ, ਪ੍ਰਿਤਪਾਲ, ਰਜਿੰਦਰ, ਬਿੰਦਾ, ਵੰਦਨਾ ਵੀ ਮੌਜੂਦ ਸਨ।