ਡਾ. ਇਸ਼ਾਂਕ ਵੱਲੋਂ ਮੰਨਣਹਾਣਾ ਤੇ ਰਾਵਲ ਬੱਸੀ ਦੇ 49 ਲੋੜਵੰਦ ਪਰਿਵਾਰਾਂ ਨੂੰ 4.90 ਲੱਖ ਦੀ ਆਰਥਿਕ ਸਹਾਇਤਾ ਪ੍ਰਦਾਨ

ਹੁਸ਼ਿਆਰਪੁਰ ( ਹਰਪਾਲ ਲਾਡਾ ): ਚੱਬੇਵਾਲ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਇਸ਼ਾਂਕ ਨੇ ਪਿੰਡ ਮੰਨਣਹਾਣਾ ਤੇ ਰਾਵਲ ਬੱਸੀ ਦੇ 49 ਲੋੜਵੰਦ ਪਰਿਵਾਰਾਂ ਨੂੰ ਕੁੱਲ 4.90 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇ ਕੇ ਉਨ੍ਹਾਂ ਦੀ ਕੱਚੀ ਛੱਤਾਂ ਦੀ ਮੁਰੰਮਤ ਲਈ ਚੈਕ ਪ੍ਰਦਾਨ ਕਰਕੇ ਰਾਹਤ ਦਿੱਤੀ। ਇਹ ਯਤਨਾਂ ਨਾਲ ਗਰੀਬ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਆਪਣੇ ਸਿਰ ‘ਤੇ ਸੁਰੱਖਿਅਤ ਛੱਤ ਮਿਲ ਸਕੇਗੀ।ਇਸ ਮੌਕੇ ਡਾ.ਇਸ਼ਾਂਕ ਨੇ ਕਿਹਾ ਕਿ ਕਿਸੇ ਵੀ ਸਮਾਜ ਦੀ ਤਰੱਕੀ ਓਦੋ ਹੀ ਸੰਭਵ ਹੈ ਜਦੋਂ ਸਰਕਾਰਾਂ ਜ਼ਮੀਨੀ ਪੱਧਰ ‘ਤੇ ਲੋਕਾਂ ਦੀ ਆਵਾਜ਼ ਸੁਣ ਕੇ ਤੁਰੰਤ ਕਾਰਵਾਈ ਕਰਦੀਆਂ ਹਨ।
ਉਨ੍ਹਾਂ ਕਿਹਾ, “ਲੋੜਵੰਦਾਂ ਨੂੰ ਰਾਹਤ ਦੇਣਾ ਸਿਰਫ਼ ਇੱਕ ਰਵਾਇਤੀ ਕੰਮ ਨਹੀਂ, ਸਗੋਂ ਸਾਡੀ ਸਰਕਾਰ ਦਾ ਨੈਤਿਕ ਤੇ ਸਮਾਜਿਕ ਫਰਜ਼ ਹੈ। ਮੈਂ ਆਪਣੇ ਹਲਕੇ ਦੇ ਹਰ ਨਾਗਰਿਕ ਨੂੰ ਇਹ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਉਨ੍ਹਾਂ ਦੇ ਸੁਖ-ਦੁੱਖ ਵਿੱਚ ਸਦਾ ਨਾਲ ਖੜੇ ਰਹਾਂਗੇ।”


ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਿਸੇ ਵੀ ਗਰੀਬ ਪਰਿਵਾਰ ਨੂੰ ਛੱਤ, ਸਿੱਖਿਆ, ਸਿਹਤ ਜਾਂ ਰੋਜ਼ਗਾਰ ਤੋਂ ਵੰਚਿਤ ਨਹੀਂ ਰਹਿਣ ਦਿੱਤਾ ਜਾਵੇਗਾ। ਪਿੰਡਾਂ ਵਿੱਚ ਹੋਰ ਲੋੜਵੰਦ ਪਰਿਵਾਰਾਂ ਨੂੰ ਵੀ ਇਨ੍ਹਾਂ ਸਕੀਮਾਂ ਰਾਹੀਂ ਸਹਾਇਤਾ ਦਿੱਤੀ ਜਾਵੇਗੀ।

ਪਿੰਡ ਮੰਨਣਹਾਣਾ ਦੇ ਇੱਕ ਲਾਭਪਾਤਰੀ ਨੇ ਦੱਸਿਆ, “ਸਾਡੀ ਛੱਤ ਵਰਖਾ ਵਿੱਚ ਟਪਕਦੀ ਸੀ, ਘਰ ਵਿੱਚ ਰਹਿਣਾ ਔਖਾ ਹੋ ਜਾਂਦਾ ਸੀ। ਹੁਣ ਇਹ ਮਦਦ ਸਾਡੇ ਲਈ ਵੱਡਾ ਸਹਾਰਾ ਬਣੀ ਹੈ।”ਡਾ.ਇਸ਼ਾਂਕ ਨੇ ਕਿਹਾ ਕਿ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਦਿੱਤੀ ਜਾ ਰਹੀ ਹੈ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਸੜਕਾਂ, ਪਾਣੀ ਸਪਲਾਈ ਤੇ ਸਿੱਖਿਆ ਨਾਲ ਜੁੜੇ ਪ੍ਰਾਜੈਕਟਾਂ ‘ਤੇ ਖਾਸ ਧਿਆਨ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪਾਰਦਰਸ਼ਤਾ, ਸੇਵਾ ਅਤੇ ਸਮਰਪਣ ਦੀ ਭਾਵਨਾ ਨਾਲ ਹੀ ਉਹ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਣ ਦੀ ਕੋਸ਼ਿਸ਼ ਕਰ ਰਹੇ ਹਨ।ਇਸ ਮੌਕੇ ‘ਤੇ ਪੰਚਾਇਤ ਮੈਂਬਰ ਸਰਪੰਚ ਰਵੀ ਰਾਮ (ਮੰਨਣਹਾਣਾ), ਲੰਬਰਦਾਰ ਹਰਭਜਨ ਸਿੰਘ, ਪੰਚ ਕਮਲਜੀਤ ਸਿੰਘ, ਪੰਚ ਓਂਕਾਰ ਸਿੰਘ (ਸ਼ੈਂਟੀ), ਪੰਚ ਕੁਲਬੀਰ ਕੌਰ, ਅਮਰਜੀਤ ਕੌਰ, ਪੰਚ ਸੋਹਣ, ਪੰਚ ਮਨਪ੍ਰੀਤ ਕਾਲੇਰ, ਸਰਪੰਚ ਮੰਜੂ ਬਾਲਾ ਰਾਵਲ ਬੱਸੀ), ਰਾਮ ਸਿੰਘ, ਜਗਰਾਜ ਸਿੰਘ, ਰਾਜਪਾਲ, ਪੰਚ ਬਲਵਿੰਦਰ ਸਿੰਘ, ਸਰਪੰਚ ਰਾਕੇਸ਼ ਕੁਮਾਰ, ਬਲਜੀਤ ਕੌਰ ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।