ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸਿੱਖਿਆ ਕ੍ਰਾਂਤੀ ਨਾਲ ਪੰਜਾਬ ਦੇ ਸਕੂਲਾਂ ਦੀ ਨੁਹਾਰ ਬਦਲ: ਰੰਧਾਵਾ

ਲਾਲੜੂ (ਸਾਹਿਬਜ਼ਾਦਾ ਅਜੀਤ ਸਿੰਘ ਨਗਰ): ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਇੱਥੇ ਆਖਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁਆਰਾ ਰਾਜ ਵਿੱਚ ਲਿਆਂਦੀ ਸਿੱਖਿਆ ਕ੍ਰਾਂਤੀ ਨੇ ਪੰਜਾਬ ਦੇ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ।
ਅੱਜ ਮੈਗਾ ਮਾਪੇ ਅਧਿਆਪਕ ਮਿਲਣੀ ਤਹਿਤ ਲਾਲੜੂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਖੇ ਪੁੱਜ ਕੇ ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆ ਨਾਲ ਗੱਲਬਾਤ ਕਰਨ ਉਪਰੰਤ ਉਨ੍ਹਾਂ ਕਿਹਾ ਕਿ ਕਦੇ ਸਮਾਂ ਸੀ ਸੂਬੇ ਵਿੱਚ ਸਰਕਾਰੀ ਸਕੂਲਾਂ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ ਜਾਂਦਾ ਪਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਬਾਅਦ ਸਾਰਾ ਜ਼ੋਰ ਸਿੱਖਿਆ ਅਤੇ ਸਿਹਤ ਸੁਧਾਰਾਂ ਤੇ ਲਾਇਆ ਗਿਆ। ਨਤੀਜੇ ਵਜੋਂ ਅੱਜ ਸਕੂਲ ਆਫ਼ ਐਮੀਨੈਂਸ, ਸਕੂਲ ਆਫ਼ ਹੈਪੀਨੈਸ ਵਿਦਿਆਰਥੀਆਂ ਦੇ ਭਵਿੱਖ ਨੂੰ ਤਰਾਸ਼ਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦੇ ਹਨ।


ਉਨ੍ਹਾਂ ਇਸ ਮੌਕੇ 11ਵੀਂ ਜਮਾਤ ਦੀ ਕਾਮਰਸ ਸਟ੍ਰੀਮ ਚੋਂ ਸਕੂਲ ਚੋਂ ਅਵਲ ਰਹੇ ਵਿਦਿਆਰਥੀ ਅੰਕਿਤ ਸੈਣੀ ਪੁੱਤਰ ਜਸਵੰਤ ਸਿੰਘ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਨੇ ਸਕੂਲ ਪ੍ਰਿੰਸੀਪਲ ਡਿੰਪੀ ਵਿਰਕ ਨਾਲ ਸਕੂਲ ਚ ਚੱਲ ਰਹੀ ਉਸਾਰੀ ਦਾ ਜਾਇਜ਼ਾ ਵੀ ਲਿਆ।

ਐਮ ਐਲ ਏ ਰੰਧਾਵਾ ਨੇ ਕਿਹਾ ਕਿ ਪੰਜਾਬ ਚ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਦੇ ਪੱਧਰ ਤੇ ਸਕੂਲਾਂ ਵਿੱਚ ਮਾਪੇ ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਖੁਦ ਸਕੂਲਾਂ ਵਿੱਚ ਜਾ ਰਹੇ ਹਨ। ਚਾਹੇ ਉਹ ਵਿਧਾਇਕ ਹਨ ਜਾਂ ਮੰਤਰੀ ਜਾਂ ਫ਼ਿਰ ਮੁੱਖ ਮੰਤਰੀ। ਹਰ ਇੱਕ ਨੂੰ ਪੰਜਾਬ ਦੇ ਲੋਕਾਂ ਦਾ ਪੂਰਾ ਫ਼ਿਕਰ ਹੈ।
ਉਨ੍ਹਾਂ ਕਿਹਾ ਕਿ ਉਹ ਅਗਲੇ ਦਿਨਾਂ ਵਿੱਚ ਹਲਕਾ ਡੇਰਾਬੱਸੀ ਦੇ ਸਾਰੇ ਸਕੂਲਾਂ ਦਾ ਦੌਰਾ ਕਰਨਗੇ ਅਤੇ ਦਰਪੇਸ਼ ਘਾਟਾਂ/ਕਮੀਆਂ ਦਾ ਜਾਇਜ਼ਾ ਲੈਕੇ ਪੂਰੀਆਂ ਕਰਵਾਉਣਗੇ।