ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਵਿਆਪਕ ਮੁਹਿੰਮ ਚਲਾਈ ਜਾਵੇ : ਅੰਕੁਰਜੀਤ ਸਿੰਘ

ਨਵਾਂਸ਼ਹਿਰ, 5 ਮਾਰਚ ( ਹਰਪਾਲ ਲਾਡਾ ): ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਜੀ ਵੱਲੋਂ ਅੱਜ ਆਪਣੀ ਸਮੁੱਚੀ ਟੀਮ ਸਮੇਤ ਡਿਪਟੀ ਕਮਿਸ਼ਨਰ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਗਤ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ.ਗੁਰਿੰਦਰਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਸ. ਅੰਕੁਰਜੀਤ ਸਿੰਘ ਨੂੰ ਜ਼ਿਲ੍ਹੇ ਵਿਚ ਨਸ਼ਾ ਪੀੜਤਾਂ ਦੇ ਇਲਾਜ ਪ੍ਰਬੰਧਨ ਲਈ ਓਟ ਪ੍ਰੋਗਰਾਮ ਨੂੰ ਅਸਰਦਾਰ ਢੰਗ ਨਾਲ ਚਲਾਉਣ ਸਮੇਤ ਵੱਖ-ਵੱਖ ਰਾਸ਼ਟਰੀ ਤੇ ਸੂਬਾਈ ਸਿਹਤ ਪ੍ਰੋਗਰਾਮਾਂ ਦੀ ਪ੍ਰਗਤੀ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰਪਾਲ ਸਿੰਘ ਸਮੇਤ ਹੋਰ ਸਿਹਤ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਬਹੁਪੜਾਵੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਾਂਝਾ ਹੰਭਲਾ ਮਾਰਨ ਦੀ ਲੋੜ ‘ਤੇ ਜ਼ੋਰ ਦਿੱਤਾ।


ਉਨ੍ਹਾਂ ਜ਼ਿਲ੍ਹੇ ਦੇ ਸਾਰੇ ਨਸ਼ਾ ਛੁਡਾਊ ਕੇੰਦਰਾਂ ਤੇ ਓਟ ਕੇਂਦਰਾਂ ਦਾ ਰੈਗੂਲਰ ਤੌਰ ‘ਤੇ ਨਿਰੀਖਣ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਨੂੰ ਲੋੜੀਂਦੀ ਮਨੁੱਖੀ ਸ਼ਕਤੀ (ਮਨੋਚਿਕਿਤਸਕ ਤੇ ਕਾਊਂਸਲਰ ਆਦਿ ਸਮੇਤ) ਅਤੇ ਟੈਸਟਿੰਗ ਕਿੱਟਾਂ, ਦਵਾਈਆਂ, ਸੁਰੱਖਿਆ (ਸੁਰੱਖਿਆ ਸਟਾਫ/ਸੀ.ਸੀ.ਟੀ.ਵੀ.), ਸਫਾਈ ਅਤੇ ਹੋਰ ਬੁਨਿਆਦੀ ਢਾਂਚੇ ਨਾਲ ਲੈਸ ਹੋਣਾ ਚਾਹੀਦਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਨਸ਼ੇ ਦੀ ਆਦਤ ਤੋਂ ਪੀੜਤ ਮਰੀਜ਼ਾਂ ਨੂੰ ਹਰ ਪੱਧਰ ਉੱਤੇ ਇਲਾਜ ਸੇਵਾਵਾਂ ਨੂੰ ਮੁੱਹਈਆ ਕਰਵਾਉਣਾ ਯਕੀਨੀ ਬਣਾਇਆ ਜਾਏ। ਉਨ੍ਹਾਂ ਅੱਗੇ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਵਿਆਪਕ ਮੁਹਿੰਮ ਚਲਾਈ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨਸ਼ਿਆਂ ਦਾ ਸ਼ਿਕਾਰ ਨਾ ਹੋਣ। ਉਨ੍ਹਾਂ ਨੇ ਕਿਹਾ ਕਿ ਕੈਮਿਸਟ ਦੁਕਾਨਾਂ ਦੀ ਨਿਰੰਤਰ ਜਾਂਚ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਸ. ਅੰਕੁਰਜੀਤ ਸਿੰਘ ਨੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੂੰ ਯਕੀਨ ਦਿਵਾਉਂਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦੇਵੇਗਾ।
ਇਸ ਦੌਰਾਨ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਯਕੀਨ ਦਿਵਾਇਆ ਕਿ ਉਹ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਬਿਹਤਰ ਅਤੇ ਮਿਆਰੀ ਸਿਹਤ ਸਹੂਲਤਾਂ ਨੂੰ ਜ਼ਿਲ੍ਹੇ ਦੇ ਸਾਰੇ ਨਾਗਰਿਕ ਤੱਕ ਪੰਹੁਚਾਉਣਾ ਯਕੀਨੀ ਬਣਾਉਣਗੇ ਅਤੇ ਸਾਰੇ ਰਾਸ਼ਟਰੀ ਅਤੇ ਸੂਬਾਈ ਸਿਹਤ ਪ੍ਰੋਗਰਾਮਾਂ ਸਬੰਧੀ ਦਿੱਤੇ ਟੀਚੇ ਨੂੰ ਮਿੱਥੇ ਸਮੇਂ ਅਨੁਸਾਰ ਪੂਰੇ ਕਰਨੇ ਯਕੀਨੀ ਬਣਾਵਾਂਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫਸਰ ਡਾ ਸਤਵਿੰਦਰਪਾਲ ਸਿੰਘ ਤੇ ਪੀ.ਏ. ਅਜੇ ਕੁਮਾਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।