ਪਿੰਡ ਕਰਿਆਮ ਵਿਖੇ ਗੰਨੇ ਦੀ ਕਾਸ਼ਤ ਸਬੰਧੀ ਲਗਾਇਆ ਕਿਸਾਨ ਸਿਖਲਾਈ ਕੈਂਪ

ਨਵਾਂਸ਼ਹਿਰ, 5 ਮਾਰਚ ( ਹਰਪਾਲ ਲਾਡਾ ): ਅੱਜ ਪਿੰਡ ਕਰਿਆਮ ਵਿਖੇ ਗੰਨੇ ਦੀ ਫ਼ਸਲ ਨੂੰ ਉਤਸ਼ਾਹਿਤ ਕਰਨ ਸਬੰਧੀ ਸਹਾਇਕ ਗੰਨਾ ਵਿਕਾਸ ਅਫਸਰ ਸ਼ਹੀਦ ਭਗਤ ਸਿੰਘ ਨਗਰ ਡਾ. ਰਾਜ ਕੁਮਾਰ ਦੀ ਅਗਵਾਈ ਹੇਠ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਉਨ੍ਹਾਂ ਕਿਸਾਨ ਵੀਰਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ਼ ਕੀਤੀਆਂ ਰੋਗ ਰਹਿਤ ਗੰਨੇ ਦੀਆਂ ਕਿਸਮਾਂ ਬੀਜਣ ਦੀ ਸਲਾਹ ਦਿੱਤੀ l
ਉਨ੍ਹਾਂ ਦੱਸਿਆ ਕਿ ਗੰਨੇ ਦੀ 238 ਕੇਸਮ ਨੂੰ ਰੱਤਾ ਰੋਗ ਬਹੁਤ ਜ਼ਿਆਦਾ ਆਉਂਦਾ ਹੈ l ਇਸ ਕਰਕੇ ਇਸ ਕਿਸਮ ਨੂੰ ਨਾ ਬੀਜਿਆ ਜਾਵੇ l ਉਨ੍ਹਾਂ ਕਿਹਾ ਕਿ ਗੰਨੇ ਦੀ ਫ਼ਸਲ ਨੂੰ ਸਹੀ ਮਾਤਰਾ ਵਿਚ ਖਾਦ ਪਾਈ ਜਾਵੇ, ਕਿਉਂਕਿ ਵੱਧ ਯੂਰੀਆ ਫਾੜ ਨਾਲ ਫ਼ਸਲ ਡਿੱਗਦੀ ਹੈ ਅਤੇ ਖੰਡ ਵੀ ਘੱਟ ਬਣਦੀ ਹੈ l


ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਟਾਈ ਸਮੇਂ ਖੋਰੀ, ਜੜ੍ਹਾਂ ਅਤੇ ਕੱਚੀਆਂ ਗੁਲੀਆਂ ਲਾ ਦਿਓ l ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਵੱਲੋਂ ਗੰਨੇ ਦੀ ਫ਼ਸਲ ਵਿਚ ਅੰਤਰ ਫ਼ਸਲਾਂ ਜਿਵੇਂ ਕਿ ਦਾਲਾਂ, ਕਣਕ ਅਤੇ ਸਰ੍ਹੋਂ ਦੀ ਬਿਜਾਈ ਕੀਤੀ ਹੈ, ਉਹ ਕਿਸਾਨ ਮਹਿਕਮਾ ਖੇਤੀਬਾੜੀ ਨਾਲ ਜ਼ਰੂਰ ਰਾਬਤਾ ਕਰਨ l ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਨਵਾਂਸ਼ਹਿਰ ਡਾ. ਕੁਲਦੀਪ ਸਿੰਘ ਨੇ ਕਿਸਾਨਾਂ ਨੂੰ ਕਣਕ ਦੀ ਫ਼ਸਲ ਵਿਚ ਆ ਰਹੇ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਬਾਰੇ ਕਿਸਾਨਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ l

ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਤੇਲ ਬੀਜ ਫ਼ਸਲਾਂ ਅਤੇ ਗੰਨੇ ਦੀ ਕਾਸ਼ਤ ਸਬੰਧੀ ਨੁਕਤੇ ਸਾਂਝੇ ਕੀਤੇ। ਇਸ ਮੌਕੇ ਡੀ. ਪੀ. ਡੀ ਆਤਮਾ ਪਰਮਵੀਰ ਕੌਰ ਵੱਲੋਂ ਕਿਸਾਨਾਂ ਨੂੰ ਘਰੇਲੂ ਬਗੀਚੀ ਲਗਾਉਣ ਬਾਰੇ ਜਾਣਕਾਰੀ ਦਿੱਤੀ ਗਈ। ਕੰਬੋਟਾ ਕੰਪਨੀ ਦੇ ਨੁਮਾਇੰਦੇ ਤਰੁਨ ਸ਼ਰਮਾ ਵੱਲੋਂ ਕਿਸਾਨਾਂ ਨੂੰ ਕੰਪਨੀ ਵੱਲੋਂ ਤਿਆਰ ਕੀਤੇ ਟਰੈਕਟਰਾਂ ਬਾਰੇ ਜਾਣਕਾਰੀ ਦਿੱਤੀ ਗਈ I ਇਸ ਮੌਕੇ ਸਰਬਜੀਤ ਸਿੰਘ, ਕੁਲਜਿੰਦਰ ਕੁਮਾਰ, ਵਿਸ਼ਾਲ ਸ਼ਰਮਾ ਏ. ਈ. ਓ ਸਮੇਤ ਤਕਰੀਬਨ 50 ਕਿਸਾਨਾਂ ਨੇ ਭਾਗ ਲਿਆl