ਜ਼ਿਲ੍ਹਾ ਮੈਜਿਸਟਰੇਟ ਵਲੋਂ ਪ੍ਰੀਖਿਆ ਕੇਂਦਰਾਂ ਦੁਆਲੇ 5 ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ

ਹੁਸ਼ਿਆਰਪੁਰ, 21 ਫਰਵਰੀ ( ਹਰਪਾਲ ਲਾਡਾ ) : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਵਲੋਂ ਦਸਵੀਂ ਅਤੇ ਬਾਹਰਵੀਂ ਜਮਾਤ ਦੀ ਅਨੁਪੂਰਕ ਪ੍ਰੀਖਿਆ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਕੋਮਲ ਮਿੱਤਲ ਵਲੋਂ ਹੁਕਮ ਜਾਰੀ ਕਰਦਿਆਂ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਭਾਰਤੀਯ ਨਾਗਰਿਕ ਸੁਰੱਖਿਆ ਸੰਹਿਤਾਂ 2023 ਦੀ ਧਾਰਾ 163 ਲਾਗੂ ਕਰਦਿਆਂ ਇਨ੍ਹਾਂ ਕੇਂਦਰਾਂ ਦੇ ਆਲੇ-ਦੁਆਲੇ 5 ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਾਈ ਹੈ।
ਜਾਰੀ ਹੁਕਮਾਂ ਅਨੁਸਾਰ 4 ਅਪ੍ਰੈਲ 2025 ਤੱਕ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਣ ਵਾਲੀਆਂ ਇਨ੍ਹਾਂ ਪ੍ਰੀਖਿਆਵਾਂ ਲਈ ਬਣੇ 14 ਕੇਂਦਰਾਂ ਦੇ ਆਲੇ-ਦੁਆਲੇ ਇਹ ਹੁਕਮ ਲਾਗੂ ਰਹਿਣਗੇ। ਇਹ ਪ੍ਰੀਖਿਆਵਾਂ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਲਈਆਂ ਜਾਣਗੀਆਂ ਜਿਨ੍ਹਾਂ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ।


ਜ਼ਿਕਰਯੋਗ ਹੈ ਕਿ ਪ੍ਰੀਖਿਆਵਾਂ ਲਈ ਆਰਮੀ ਸਕੂਲ ਉਚੀ ਬੱਸੀ, ਦਸ਼ਮੇਸ ਪਬਲਿਕ ਸਕੂਲ ਚੱਕ ਅੱਲਾ ਬਖਸ਼, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪੰਡੋਰੀ ਖੰਜੂਰ, ਦੁਆਬਾ ਪਬਲਿਕ ਸਕੂਲ ਕੋਹਲਰੋਂ, ਸਿਲਵਰ ਓਕ ਇੰਟਰਨੈਸ਼ਨਲ ਸਕੂਲ ਟਾਂਡਾ, ਕੈਂਮਬ੍ਰਿਜ ਇੰਟਰਨੈਸ਼ਨਲ ਸਕੂਲ ਹਾਜੀਪੁਰ ਰੋਡ, ਵਸ਼ਿਸ਼ਟ ਭਾਰਤੀ ਇੰਟਰਨੈਸ਼ਨਲ ਸਕੂਲ ਪਿੰਡ ਦਾਤਾਰਪੁਰ, ਗਲੋਬਲ ਪਬਲਿਕ ਸਕੂਲ ਪਿੰਡ ਰੰਗਾ, ਜੈਂਮਜ਼ ਕੈਂਮਬ੍ਰਿਜ ਇੰਟਰਨੈਸ਼ਨਲ ਸਕੂਲ ਪੁਰਹੀਰਾਂ, ਐਸ.ਬੀ.ਐਸ. ਮਾਡਲ ਹਾਈ ਸਕੂਲ ਸਦਰਪੁਰ ਗੜ੍ਹਸ਼ੰਕਰ, ਪੈਰਲਜ਼ ਇੰਟਰਨੈਸ਼ਨਲ ਸਕੂਲ ਬੱਲੋਵਾਲ, ਦਿੱਲੀ ਇੰਟਰਨੈਸ਼ਨਲ ਸਕੂਲ ਚੱਬੇਵਾਲ, ਐਸ.ਡੀ.ਸਿਟੀ ਪਬਲਿਕ ਸਕੂਲ ਆਦਮਵਾਲ ਅਤੇ ਕੇਂਦਰੀ ਵਿਦਿਆਲਿਆ ਭੂੰਗਾ ਵਿਖੇ ਸੈਂਟਰ ਬਣੇ ਹਨ।

ਇਹ ਹੁਕਮ 4 ਅਪ੍ਰੈਲ 2025 ਤੱਕ ਲਾਗੂ ਰਹੇਗਾ।