‘ਸਾਰਿਆਂ ਲਈ ਘਰ’ ਦਾ ਟੀਚਾ ਪ੍ਰਾਪਤ ਕਰਨ ਲਈ ਪਿੰਡਾਂ ਵਿਚ ਨਵਾਂ ਸਰਵੇਖਣ ਜਾਰੀ: ਅਵਨੀਤ ਕੌਰ

ਨਵਾਂਸ਼ਹਿਰ, 18 ਫਰਵਰੀ ( ਹਰਪਾਲ ਲਾਡਾ ): ਪੀ.ਐੱਮ.ਏ.ਵਾਈ (ਗ੍ਰਾਮੀਣ) ਅਧੀਨ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ ਘਰਾਂ ਦੀ ਉਸਾਰੀ ਵਿਚ ਸਹਾਇਤਾ ਲਈ ‘ਆਵਾਸ ਪਲੱਸ 2024’ ਮੋਬਾਈਲ ਐਪਲੀਕੇਸ਼ਨ ਰਾਹੀਂ ਨਵਾਂ ਸਰਵੇਖਣ ਚੱਲ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ ਨੇ ਦੱਸਿਆ ਕਿ ਇਸ ਸਬੰਧੀ ਜ਼ਿਲ੍ਹੇ ਦੇ ਸਮੂਹ ਪਿੰਡਾਂ ਵਿਚ ਸਰਵੇਖਣਕਰਤਾ ਨਿਯੁਕਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਦਾ ਉਦੇਸ਼ ‘ਸਾਰਿਆਂ ਲਈ ਘਰ’ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਨਲਾਈਨ ਪੋਰਟਲ 5 ਸਾਲਾਂ ਬਾਅਦ ਖੁੱਲ੍ਹਿਆ ਹੈ, ਜੋ ਕਿ 2019 ਵਿਚ ਬੰਦ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਯੋਗ ਲਾਭਪਾਤਰੀ ‘ਆਧਾਰ’ ਅਧਾਰਿਤ ਈ-ਕੇ.ਵਾਈ.ਸੀ ਅਤੇ ਸਵੈ-ਸਰਵੇਖਣ ਵੀ ਕਰ ਸਕਦੇ ਹਨ ਜਾਂ ਸਰਵੇਖਣਕਰਤਾਵਾਂ ਰਾਹੀਂ ਰਜਿਸਟਰਡ ਹੋ ਸਕਦੇ ਹਨ।


ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਯੋਗਤਾ ਲਈ ਮਾਪਦੰਡ 13 ਤੋਂ ਘਟਾ ਕੇ 10 ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਰਵੇਖਣ ਲਈ ਆਖਰੀ ਮਿਤੀ 31 ਮਾਰਚ 2025 ਹੈ ਅਤੇ ਸਾਰੇ ਯੋਗ ਲਾਭਪਾਤਰੀ ਇਸ ਤੋਂ ਪਹਿਲਾਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ।
