
ਨਵਾਂਸ਼ਹਿਰ, 15 ਫਰਵਰੀ ( ਹਰਪਾਲ ਲਾਡਾ ) : ਸਿਵਲ ਸਰਜਨ, ਸ਼ਹੀਦ ਭਗਤ ਸਿੰਘ ਨਗਰ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੇਲੀ ਮੌਰਨਿੰਗ ਫੁੱਟਬਾਲ ਕਲੱਬ ਨਵਾਂਸ਼ਹਿਰ ਨੇ ਆਰ. ਕੇ ਆਰੀਆ ਕਾਲਜ ਕੋਲ ਫੁੱਟਬਾਲ ਗਰਾਊਂਂਡ ਵਿਚ ਡੇਲੀ ਮੌਰਨਿੰਗ ਫੁੱਟਬਾਲ ਕਲੱਬ ਦੇ ਪ੍ਰਧਾਨ ਅਜੇ ਮਹਿਰਾ ਦੀ ਅਗਵਾਈ ਵਿਚ ਅੰਤਰਰਾਸ਼ਟਰੀ ਬਾਲ ਕੈਂਸਰ ਦਿਵਸ਼ ਮਨਾਇਆ।
ਇਸ ਮੌਕੇ ਡੇਲੀ ਮੌਰਨਿੰਗ ਫੁੱਟਬਾਲ ਕਲੱਬ ਦੇ ਚੇਅਰਮੈਨ ਤਰਸੇਮ ਲਾਲ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਵੱਲੋਂ ਕੈਂਸਰ ਕੰਟਰੋਲ ਤਹਿਤ ਫੁੱਟਬਾਲ ਪਲੇਅਰ ਤੇ ਸੈਰ ਕਮੇਟੀ ਦੇ ਮੈਂਬਰਾਂ ਨੂੰ ਜਾਗਰੂਕ ਕੀਤਾ ਗਿਆ।


ਤਰਸੇਮ ਲਾਲ ਨੇ ਕਿਹਾ ਕਿ ਅੰਤਰਰਾਸ਼ਟਰੀ ਬਾਲ ਕੈਂਸਰ ਦਿਵਸ਼ 2025 ਦਾ ਥੀਮ ਹੈ “ਯੂਨਾਈਟਿਡ ਬਾਈ ਯੂਨੀਕ” ਹੈ ਜਿਸ ਵਿਚ ਕੈਂਸਰ ਸਿਰਫ਼ ਇਲਾਜ ਨਾਲ਼ ਨਹੀਂ ਜਿੱਤਿਆ ਜਾ ਸਕਦਾ, ਬਲਕਿ ਇਹ ਇਕ ਲੜਾਈ ਹੈ, ਜਿਸ ਨੂੰ ਲੋਕਾਂ ਦੇ ਨਾਲ ਮਿਲ ਕੇ ਲੜਨਾ ਅਤੇ ਇਸ ਨੂੰ ਜੜ੍ਹ ਤੋਂ ਉਖਾੜ ਸੁੱਟਣਾ ਹੈ।

ਇਸ ਸਬੰਧੀ ਡਾ. ਅਮਿਤ ਕੁਮਾਰ ਨੇ ਕਿਹਾ ਕਿ ਛਾਤੀ ਵਿਚ ਗਿਲ੍ਹਟੀ , ਲਗਾਤਾਰ ਖੰਘ ਅਤੇ ਆਵਾਜ਼ ਵਿਚ ਭਾਰੀਪਣ, ਮਾਹਵਾਰੀ ਵਿਚ ਖ਼ੂਨ ਦਾ ਜ਼ਿਆਦਾ ਪੈਣਾ ਅਤੇ ਮਾਹਵਾਰੀ ਤੋਂ ਇਲਾਵਾ ਖ਼ੂਨ ਪੈਣਾ, ਨਾ ਠੀਕ ਹੋਣ ਵਾਲ਼ਾ ਮੂੰਹ ਦਾ ਅਲਸਰ ਆਦਿ ਕੈਂਸਰ ਦੇ ਲੱਛਣ ਹਨ। ਉਨ੍ਹਾਂ ਕਿਹਾ ਕਿ ਤੰਬਾਕੂ ਅਤੇ ਸ਼ਰਾਬ ਦੀ ਵਰਤੋਂ, ਸਮੇਂ ਸਿਰ ਜਾਂਚ ਨਾ ਕਰਵਾਉਣਾ, ਜ਼ਿਆਦਾ ਚਰਬੀ ਵਾਲੇ ਭੋਜਨ ਦਾ ਸੇਵਨ ਆਦਿ ਕੈਂਸਰ ਦੇ ਕਾਰਨ ਹਨ।
ਤਰਸੇਮ ਲਾਲ ਨੇ ਕੈਂਸਰ ਨੂੰ ਕੰਟਰੋਲ ਕਰਨ ਲਈ ਸੁਝਾਅ ਦਿੰਦਿਆਂ ਕਿਹਾ ਕਿ ਫਸਲਾਂ ਉੱਤੇ ਜ਼ਿਆਦਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾ ਕੀਤੀ ਜਾਵੇ, ਕੈਂਸਰ ਤੇ ਇਸ ਦੇ ਮੁੱਢਲੇ ਚਿੰਨ੍ਹਾਂ ਸਬੰਧੀ ਜਾਣਕਾਰੀ ਰੱਖੀ ਜਾਵੇ ਅਤੇ ਸ਼ਰਾਬ, ਤੰਬਾਕੂ ਤੇ ਬੀੜੀ ਸਿਗਰਟ ਦੀ ਵਰਤੋਂ ਨਾ ਕੀਤੀ ਜਾਵੇ।
ਤਰਸੇਮ ਲਾਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਯੋਜਨਾ ਅਧੀਨ ਪੰਜਾਬ ਰਾਜ ਦੇ ਵਸਨੀਕਾਂ ਨੂੰ ਡੇਢ ਲੱਖ ਰੁਪਏ ਤੱਕ ਦੇ ਨਕਦੀ ਰਹਿਤ ਇਲਾਜ ਦੀ ਸੁਵਿਧਾ ਹੈ। ਨੈਸ਼ਨਲ ਹੈਲਥ ਮਿਸ਼ਨ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ‘ਨੈਸ਼ਨਲ ਪ੍ਰੋਗਰਾਮ ਫ਼ਾਰ ਪਰਵੈਨਸ਼ਨ ਐਂਡ ਕੰਟਰੋਲ ਆਫ਼ ਕੈਂਸਰ, ਡਾਇਬਟੀਜ਼, ਕਾਰਡਿਓਵੈਸਕੂਲਰ ਐਂਡ ਸਟ੍ਰੋਕਸ’ ਤਹਿਤ ਮਰੀਜ਼ ਸਿਵਲ ਸਰਜਨ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਦੇ ਕੈਂਸਰ ਸੈੱਲ ਵਿਚ ਹਰਜੋਧ ਸਿੰਘ ਨਾਲ਼ ਸੰਪਰਕ ਕਰਕੇ ਆਉਣ-ਜਾਣ ਲਈ ਟਿਕਟਾਂ ਵੀ ਲੈ ਸਕਦੇ ਹੋ।
ਇਸ ਮੌਕੇ ਛਿੰਦਾ ਮੋਰਾਂਵਾਲੀ, ਮਿੰਟਾ ਗੁਜਰ ਪੁਰੀਆ, ਮੰਜੂ ਬਾਲੀ, ਅਜੇ ਮਹਿਰਾ, ਸਰਬਜੀਤ ਸਿੰਘ, ਬੂਟਾ ਸਿੰਘ ਬੈਂਸ, ਵਿਕਰਮ, ਵਾਈ ਐਫ਼ ਸੀ ਨਵਾਂਸ਼ਹਿਰ ਪ੍ਰਧਾਨ ਕਰਨਜੀਤ ਸਿੰਘ, ਕੁਲਵਿੰਦਰ ਗੋਰਾ, ਜੀਵਨ ਕੁਮਾਰ, ਮੁਖਤਿਆਰ ਰਾਏ, ਅਵਤਾਰ ਸਿੰਘ ਤੇ ਸੈਰ ਕਮੇਟੀ ਨਵਾਂਸ਼ਹਿਰ ਦੇ ਸਮੂਹ ਮੈਂਬਰਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।