ਅਵਾਰਾ ਪਸ਼ੂਆਂ ਦੀ ਸੰਭਾਲ ਲਈ ਨਿਗਮ ਕਰ ਰਿਹੈ ਉਪਰਾਲੇ: ਕਮਿਸ਼ਨਰ
ਹੁਸ਼ਿਆਰਪੁਰ,13 ਨਵੰਬਰ: ਨਗਰ ਨਿਗਮ ਕਮਿਸ਼ਨਰ ਡਾ: ਅਮਨਦੀਪ ਕੌਰ ਨੇ ਦੱਸਿਆ ਕਿ ਅਵਾਰਾ ਪਸ਼ੂਆਂ ਦੀ ਰੋਕਥਾਮ ਅਤੇ ਸੰਭਾਲ ਲਈ ਨਗਰ ਨਿਗਮ ਵੱਲੋਂ ਰੋਜ਼ਾਨਾ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਇਸ ਉਪਰਾਲੇ ਤਹਿਤ ਨਗਰ ਨਿਗਮ ਦੀ ਟੀਮ ਵੱਲੋਂ ਅਵਾਰਾ ਪਸ਼ੂਆਂ ਨੂੰ ਗਊਸ਼ਾਲਾ ਵਿੱਚ ਭੇਜਿਆ ਜਾ ਰਿਹਾ ਹੈ, ਜਿੱਥੇ ਉਨ੍ਹਾਂ ਦੀ ਨਿਯਮਤ ਦੇਖਭਾਲ ਕੀਤੀ ਜਾਂਦੀ ਹੈ।
ਕਮਿਸ਼ਨਰ ਨਗਰ ਨਿਗਮ ਦੀ ਅਗਵਾਈ ਹੇਠ ਅੱਜ ਨਿਗਮ ਦੀ ਟੀਮ ਨੇ ਗਊਸ਼ਾਲਾ ਦਾ ਅਚਨਚੇਤ ਨਿਰੀਖਣ ਕੀਤਾ ਜਿਸ ਦੇ ਸੰਚਾਲਨ ਵਿੱਚ ਨਗਰ ਨਿਗਮ ਦੀ ਅਹਿਮ ਭੂਮਿਕਾ ਹੈ। ਨਿਗਮ ਕਮਿਸ਼ਨਰ ਨੇ ਕਿਹਾ ਕਿ ਵਾਤਾਵਰਨ ਦੀ ਸਵੱਛਤਾ ਅਤੇ ਪਲਾਸਟਿਕ ਮੁਕਤ ਸ਼ਹਿਰ ਦੇ ਉਪਰਾਲੇ ਤਹਿਤ ਗਊ ਸ਼ੈੱਡ ਵਿੱਚ ਦੋ ਕੰਟੇਨਰ ਲਗਾਏ ਗਏ ਹਨ।
ਇਸ ਸਬੰਧੀ ਨਗਰ ਨਿਗਮ ਨੇ ਕਰਮਚਾਰੀ ਨਿਯੁਕਤ ਕੀਤੇ ਹਨ ਜੋ ਸਮੇਂ-ਸਮੇਂ ‘ਤੇ ਦਾਨੀ ਸੱਜਣਾਂ ਨੂੰ ਅਪੀਲ ਕਰਦੇ ਹਨ ਕਿ ਗੁੜ, ਫਲ, ਸਬਜ਼ੀਆਂ ਜਾਂ ਉਨ੍ਹਾਂ ਦੇ ਛਿਲਕੇ ਜੋ ਕਿ ਗਊਧਨ ਲਈ ਲਿਆਂਦੇ ਜਾ ਰਹੇ ਹਨ, ਨੂੰ ਖਾਲੀ ਲਿਫਾਫਿਆਂ ਜਾਂ ਪਲਾਸਟਿਕ ਦੇ ਡੱਬਿਆਂ ‘ਚ ਹੀ ਪਾ ਦਿੱਤਾ ਜਾਵੇ। ਇਸ ਨਾਲ ਪਲਾਸਟਿਕ ਦੀ ਰਹਿੰਦ-ਖੂੰਹਦ ਨੂੰ ਖੁੱਲੇ ਵਿੱਚ ਫੈਲਣ ਤੋਂ ਰੋਕਿਆ ਜਾ ਸਕੇਗਾ ਅਤੇ ਇਨ੍ਹਾਂ ਲਿਫਾਫਿਆਂ ਨੂੰ ਨਗਰ ਨਿਗਮ ਵੱਲੋਂ ਇਕੱਠਾ ਕਰਕੇ ਬਾਲਣ ਤੋਂ ਬਾਅਦ ਰੀਸਾਈਕਲਿੰਗ ਲਈ ਭੇਜਿਆ ਜਾ ਸਕਦਾ ਹੈ।
ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਗਊਆਂ ਨੂੰ ਪਿਆਜ਼ ਦੇ ਛਿਲਕੇ ਅਤੇ ਫਲਾਂ ਦੇ ਬੀਜ ਨਾ ਦੇਣ, ਤਾਂ ਜੋ ਪਸ਼ੂਆਂ ਨੂੰ ਕੋਈ ਨੁਕਸਾਨ ਨਾ ਹੋਵੇ।