ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ਦੀ ਸਫਲਤਾ ਜਿਲ੍ਹਾ ਵਾਸੀਆਂ ਨੂੰ ਸਮਰਪਿਤ: ਪਰਮਜੀਤ ਸੱਚਦੇਵਾ
ਹੁਸ਼ਿਆਰਪੁਰ : ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵੱਲੋਂ ਕਰਵਾਈ ਗਈ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ਸੀਜਨ-4 ਦੀ ਸਫਲਤਾ ਪੂਰੇ ਹੁਸ਼ਿਆਰਪੁਰ ਵਾਸੀਆਂ ਦੀ ਸਫਲਤਾ ਹੈ ਤੇ ਇਸ ਸਾਈਕਲੋਥਾਨ ਨੂੰ ਕਾਮਯਾਬ ਕਰਕੇ ਹੁਸ਼ਿਆਰਪੁਰ ਵਾਸੀਆਂ ਨੇ ਦੇਸ਼-ਦੁਨੀਆ ਨੂੰ ਦੱਸ ਦਿੱਤਾ ਹੈ ਕਿ ਹੁਸ਼ਿਆਰਪੁਰ ਦੇ ਲੋਕ ਪੜ੍ਹਾਈ ਦੇ ਨਾਲ-ਨਾਲ ਵਾਤਾਵਰਣ ਪ੍ਰੇਮੀ ਤੇ ਸਮੇਂ ਦੇ ਨਾਲ ਚੱਲਣ ਵਾਲੇ ਹੁਸ਼ਿਆਰ ਲੋਕ ਹਨ, ਇਹ ਪ੍ਰਗਟਾਵਾ ਫਿੱਟ ਬਾਈਕਰ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਕੀਤਾ ਗਿਆ।
ਇੰਡੀਆ ਬੁੱਕ ਆਫ ਰਿਕਾਰਡ ਸਭ ਦੀ ਸਾਂਝੀ ਮੇਹਨਤ ਦਾ ਨਤੀਜਾ: ਕਲੱਬ
ਇਸ ਮੌਕੇ ਪਰਮਜੀਤ ਸੱਚਦੇਵਾ ਨੇ ਕਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਸਾਈਕਲੋਥਾਨ ਕਰਵਾਉਣ ਪ੍ਰਤੀ ਇੰਡੀਆ ਬੁੱਕ ਆਫ ਰਿਕਾਰਡ ਵੱਲੋਂ ਜੋ ਮਾਣ ਫਿੱਟ ਬਾਈਕਰ ਕਲੱਬ ਨੂੰ ਬਖਸ਼ਿਆ ਗਿਆ ਹੈ ਉਹ ਅਸੀਂ ਸਮੂਹ ਜਿਲ੍ਹਾ ਵਾਸੀਆਂ ਨੂੰ ਸਮਰਪਿਤ ਕਰਦੇ ਹਾਂ ਕਿਉਂਕਿ ਲੋਕਾਂ ਦੀ ਮਦਦ ਤੋਂ ਬਿਨਾਂ ਅਸੀਂ ਇਹ ਕਾਮਯਾਬੀ ਕਦੇ ਵੀ ਹਾਸਿਲ ਨਹੀਂ ਕਰ ਸਕਦੇ ਸੀ। ਉਨ੍ਹਾਂ ਕਿਹਾ ਕਿ 4 ਸਾਲ ਦੇ ਬੱਚਿਆਂ ਤੋਂ ਲੈ ਕੇ 80 ਸਾਲ ਦੇ ਬਜ਼ੁਰਗਾਂ ਨੇ ਇਸ ਸਾਈਕਲੋਥਾਨ ਦਾ ਹਿੱਸਾ ਬਣ ਕੇ ਡਰੱਗ ਤੇ ਪਲਾਸਟਿਕ ਫ੍ਰੀ ਪੰਜਾਬ ਦਾ ਸੁਨੇਹਾ ਸਭ ਨੂੰ ਦਿੱਤਾ ਹੈ ਤੇ ਜਿਸ ਤਰ੍ਹਾਂ ਬੱਚਿਆਂ ਨੇ ਆਪਣੇ ਟ੍ਰਾਈ ਸਾਈਕਲਾਂ ਨਾਲ ਇਸ ਸਾਈਕਲੋਥਾਨ ਵਿੱਚ ਹਿੱਸਾ ਲਿਆ ਉਸ ਨੇ ਲੋਕਾਂ ਦਾ ਦਿਲ ਜਿੱਤ ਲਿਆ।
ਪਰਮਜੀਤ ਸੱਚਦੇਵਾ ਨੇ ਕਿਹਾ ਕਿ ਇਸ ਈਵੈਂਟ ਦੇ ਮੁੱਖ ਸਪਾਂਸਰ ਸੋਨਾਲੀਕਾ ਗਰੁੱਪ ਦੇ ਵਾਈਸ ਚੇਅਰਮੈਨ ਅਮਿ੍ਰਤ ਸਾਗਰ ਮਿੱਤਲ ਤੇ ਮੈਨੇਜਿੰਗ ਡਾਇਰੈਕਟਰ ਦੀਪਕ ਮਿੱਤਲ ਦਾ ਤਹਿ ਦਿਲੋ ਧੰਨਵਾਦ ਹੈ ਜਿਨ੍ਹਾਂ ਨੇ ਪੂਰੀ ਸ਼ਿੱਦਤ ਨਾਲ ਸਾਡੀ ਮਦਦ ਕੀਤੀ ਤੇ ਨਾਲ ਹੀ ਪੰਜਾਬੀ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਦਾ ਅਸੀਂ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐੱਸ.ਐੱਸ.ਪੀ.ਸੁਰਿੰਦਰ ਲਾਂਬਾ, ਜੋਯਾ ਸਿੱਦੀਕੀ, ਟ੍ਰੈਫਿਕ ਪੁਲਿਸ ਦੇ ਮੁਲਾਜਿਮਾਂ, ਨਗਰ ਨਿਗਮ ਤੇ ਸੇਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੀ ਪੂਰੀ ਮਦਦ ਕੀਤੀ ਗਈ।
ਉਨ੍ਹਾਂ ਐੱਸ.ਬੀ.ਐੱਸ.ਡੀ, ਬਲ-ਬਲ ਸੇਵਾ ਸੁਸਾਇਟੀ ਤੇ ਸਿਵਿਲ ਡਿਫੈਂਸ ਦੇ ਵਲੰਟੀਅਰਾਂ ਦਾ ਮਦਦ ਲਈ ਧੰਨਵਾਦ ਕੀਤਾ ਤੇ ਨਾਲ ਹੀ ਸੱਚਦੇਵਾ ਸਟਾਕਸ ਦੇ ਸਮੂਹ ਸਟਾਫ ਜਿਨ੍ਹਾਂ ਪਿਛਲੇ 6 ਮਹੀਨੇ ਤੋਂ ਲਾਗਾਤਾਰ ਇਸ ਲਈ ਮੇਹਨਤ ਕੀਤੀ ਦਾ ਧੰਨਵਾਦ ਕੀਤਾ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਸਾਈਕਲੋਥਾਨ ਵਾਲੇ ਦਿਨ ਬਹੁਤ ਸਾਰੇ ਬੱਚੇ ਤੇ ਵੱਡੇ ਜਿਨ੍ਹਾਂ ਰਜਿਸਟਰੇਸ਼ਨ ਨਹੀਂ ਕਰਵਾਈ ਸੀ ਉਹ ਵੀ ਲਾਜਵੰਤੀ ਸਟੇਡੀਅਮ ਪੁੱਜੇ ਤੇ ਸਾਈਕਲੋਥਾਨ ਦਾ ਹਿੱਸਾ ਬਣੇ ਅਜਿਹੇ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਉਹ ਸੱਚਦੇਵਾ ਸਟਾਕਸ ਦੇ ਮੁੱਖ ਦਫਤਰ ਪੁੱਜ ਕੇ ਆਪਣੀ ਟੀ-ਸ਼ਰਟ ਤੇ ਮੈਡਲ ਜਰੂਰ ਪ੍ਰਾਪਤ ਕਰਨ।
ਉਨ੍ਹਾਂ ਕਿਹਾ ਕਿ ਇਸ ਸਾਈਕਲੋਥਾਨ ਵਿੱਚ ਜੋ ਕੁਝ ਕਮੀਆਂ ਸਾਡੇ ਸਾਹਮਣੇ ਆਈਆਂ ਹਨ ਉਨ੍ਹਾਂ ਨੂੰ ਭਵਿੱਖ ਵਿੱਚ ਠੀਕ ਕੀਤਾ ਜਾਵੇਗਾ ਤੇ ਹੁਸ਼ਿਆਰਪੁਰ ਦਾ ਨਾਮ ਚਮਕਾਉਣ ਵਿੱਚ ਫਿੱਟ ਬਾਈਕਰ ਕਲੱਬ ਕੋਈ ਕਸਰ ਬਾਕੀ ਨਹੀਂ ਛੱਡੇਗਾ। ਇਸ ਮੌਕੇ ਉੱਤਮ ਸਿੰਘ ਸਾਬੀ, ਸੌਰਵ ਸ਼ਰਮਾ, ਤਰਲੋਚਨ ਸਿੰਘ, ਦੌਲਤ ਸਿੰਘ, ਰੋਹਿਤ ਬੱਸੀ ਆਦਿ ਵੀ ਮੌਜੂਦ ਸਨ।