ਜ਼ਿਲਾ ਸਿਹਤ ਅਫਸਰ ਅਤੇ ਫੂਡ ਸੇਫਟੀ ਟੀਮ ਨੇ ਤਿਉਹਾਰਾਂ ਦੇ ਸੀਜ਼ਨ ਕਾਰਨ ਆਟਾ ਚੱਕੀ ਅਤੇ ਹੋਰ ਕਰਿਆਨਾ ਸਟੋਰਾਂ ਦੀ ਜਾਂਚ ਕੀਤੀ
ਹੁਸ਼ਿਆਰਪੁਰ 09 ਅਕਤੂਬਰ 2024 : ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਡਾ. ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਸਿਹਤਮੰਦ ਪੰਜਾਬ ਤਹਿਤ ਜਿਲੇ ਵਿੱਚ ਲੋਕਾਂ ਨੂੰ ਸਾਫ ਅਤੇ ਮਿਆਰੀ ਖਾਧ ਪਦਾਰਥ ਮੁੱਹਈਆ ਕਰਵਾਉਣ ਲਈ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋ ਜਿਲਾ ਹੁਸ਼ਿਆਰਪੁਰ ਦੇ ਵੱਖ ਵੱਖ ਹਿੱਸਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਜ਼ਿਲਾ ਸਿਹਤ ਅਫਸਰ ਡਾ ਜਤਿੰਦਰ ਕੁਮਾਰ ਭਾਟੀਆ ਅਤੇ ਫੂਡ ਸੇਫਟੀ ਅਫ਼ਸਰ ਵਿਵੇਕ ਕੁਮਾਰ ਅਤੇ ਉਹਨਾਂ ਦੀ ਟੀਮ ਨੇ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਆਟਾ ਚੱਕੀ ਅਤੇ ਹੋਰ ਕਰਿਆਨਾ ਸਟੋਰਾਂ ਦੀ ਜਾਂਚ ਕੀਤੀ ਅਤੇ ਆਟੇ ਦੇ ਤਿੰਨ ਸੈਂਪਲ ਲਏ। ਟੀਮ ਨੇ ਸ਼ਿਮਲਾ ਪਹਾੜੀ ਖੇਤਰ ਦਾ ਮੁਆਇਨਾ ਕੀਤਾ ਤਾਂ ਕਿ ਇੱਕ ਸ਼ਿਕਾਇਤ ‘ਤੇ ਸੁਣਵਾਈ ਕੀਤੀ ਜਾ ਸਕੇ। ਟੀਮ ਨੇ ਸ਼ਿਮਲਾ ਪਹਾੜੀ ਖੇਤਰ ‘ਤੇ ਵੱਖ-ਵੱਖ ਬੇਕਰੀਆਂ ਅਤੇ ਰੈਸਟੋਰੈਂਟਾਂ ਦਾ ਨਿਰੀਖਣ ਕੀਤਾ। ਕੁਝ ਖਾਧ ਪਦਾਰਥ ਵਿਕਰੇਤਾ ਉਚਿਤ ਸਵੱਛ ਸਥਿਤੀਆਂ ਦੀ ਪਾਲਣਾ ਨਹੀਂ ਕਰ ਰਹੇ ਸਨ, ਇਸ ਲਈ ਉਹਨਾਂ ਨੂੰ ਗੈਰ-ਸਵੱਛ ਸਥਿਤੀਆਂ ਲਈ ਚਲਾਨ ਕੀਤਾ ਗਿਆ ਸੀ।
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ ਜਤਿੰਦਰ ਭਾਟੀਆ ਨੇ ਕਿਹਾ ਕਿ ਚੈਕਿੰਗ ਦੌਰਾਨ ਸਾਰੇ ਖਾਧ ਪਦਾਰਥ ਵਿਕਰੇਤਾਵਾਂ ਨੂੰ Fssai ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਚੰਗੀ ਸਫਾਈ ਅਭਿਆਸਾਂ ਦੀ ਪਾਲਣਾ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਅਜਿਹਾ ਨਾ ਕਰਨ ਵਾਲਿਆਂ ਵਿਰੁੱਧ ਨਿਯਮਾਂ ਤਹਿਤ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸਦੇ ਨਾਲ ਹੀ ਦੁਕਾਨਦਾਰਾਂ ਨੂੰ ਹਿਦਾਇਤ ਕੀਤੀ ਗਈ ਹੈ ਕਿ ਕਿਸੇ ਵੀ ਦੁਕਾਨ ‘ਤੇ ਕਿਸੇ ਵੀ ਫਰਿੱਜ ਅਤੇ ਫਰੀਜ਼ਰ ਵਿੱਚ ਵੈਜ ਅਤੇ ਨਾਨ ਵੈਜ ਖਾਧ ਪਦਾਰਥਾਂ ਨੂੰ ਇਕੱਠੀਆਂ ਨਾ ਰੱਖਿਆ ਜਾਵੇ। ਕੋਈ ਵੀ ਐਕਸਪਾਇਰੀ ਖਾਧ ਪਦਾਰਥ ਨਹੀਂ ਹੋਣਾ ਚਾਹੀਦਾ। ਸਾਰੇ ਹਲਵਾਈਆਂ, ਬੇਕਰੀਆ, ਫਾਸਟ ਫੂਡ ਵਿਕਰੇਤਾਵਾਂ ਅਤੇ ਹੋਰ ਖਾਧ ਪਦਾਰਥ ਤਿਆਰ ਕਰਨ ਵਾਲਿਆਂ ਨੂੰ ਏਪਰਨ, ਟੋਪੀ, ਦਸਤਾਨੇ ਤੇ ਮਾਸਕ ਪਾਉਂਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਫੂਡ ਸੇਫਟੀ ਸਟੈਡਰਡ ਐਕਟ ਅਧੀਨ ਕਾਰਵਾਈ ਕੀਤੀ ਜਾਵੇਗੀ।