ਫੂਡ ਸੇਫਟੀ ਟੀਮ ਵੱਲੋਂ ਹੁਸ਼ਿਆਰਪੁਰ ਸ਼ਹਿਰ ਦੀਆਂ ਵੱਖ-ਵੱਖ ਮਠਿਆਈਆਂ ਅਤੇ ਫਾਸਟ ਫੂਡ ਦੀਆਂ ਦੁਕਾਨਾਂ ਦੀ ਜਾਂਚ
ਹੁਸ਼ਿਆਰਪੁਰ 4 ਅਕਤੂਬਰ 2024: ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਡਾ. ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤਮੰਦ ਪੰਜਾਬ ਤਹਿਤ ਜਿਲੇ ਵਿੱਚ ਲੋਕਾਂ ਨੂੰ ਸਾਫ ਅਤੇ ਮਿਆਰੀ ਖਾਧ ਪਦਾਰਥ ਮੁੱਹਈਆ ਕਰਵਾਉਣ ਲਈ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋ ਜਿਲਾ ਹੁਸ਼ਿਆਰਪੁਰ ਦੇ ਵੱਖ ਵੱਖ ਹਿੱਸਿਆ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਦੇ ਚਲਦਿਆਂ ਜਿਲਾ ਸਿਹਤ ਅਫਸਰ ਡਾ ਜਤਿੰਦਰ ਭਾਟੀਆ ਦੀ ਅਗਵਾਈ ਵਿੱਚ ਫੂਡ ਸੇਫਟੀ ਅਫਸਰ ਵਿਵੇਕ ਕੁਮਾਰ ਅਤੇ ਟੀਮ ਮੈਬਰ ਨਰੇਸ਼ ਕੁਮਾਰ ਵੱਲੋ ਅੱਜ ਹੁਸ਼ਿਆਰਪੁਰ ਸ਼ਹਿਰ ਦੀਆਂ ਵੱਖ-ਵੱਖ ਮਠਿਆਈਆਂ ਅਤੇ ਫਾਸਟ ਫੂਡ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਪੇਠਾ, ਗੁਲਾਬ ਜਾਮੁਨ, ਬੇਸਨ ਦੇ ਲੱਡੂ, ਕੁਲਚਾ, ਸੋਇਆਬੀਨ ਦੀਆਂ ਵੜੀਆਂ ਦੇ 5 ਇਨਫੋਰਸਮੈਂਟ ਸੈਂਪਲ ਅਤੇ ਇੱਕ ਸਰਵੇਲੈਂਸ ਸੈਂਪਲ ਲਿਆ ਗਿਆ। ਜਿਹਨਾਂ ਨੂੰ ਨਿਰੀਖਣ ਲਈ ਫੂਡ ਲੈਬ ਖਰੜ ਭੇਜ ਦਿੱਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ ਜਤਿੰਦਰ ਭਾਟੀਆ ਨੇ ਕਿਹਾ ਕਿ ਚੈਕਿੰਗ ਦੌਰਾਨ ਸਾਰੇ ਖਾਧ ਪਦਾਰਥ ਵਿਕਰੇਤਾਵਾਂ ਨੂੰ Fssai ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਚੰਗੀ ਸਫਾਈ ਅਭਿਆਸਾਂ ਦੀ ਪਾਲਣਾ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਅਜਿਹਾ ਨਾ ਕਰਨ ਵਾਲਿਆਂ ਵਿਰੁੱਧ ਨਿਯਮਾਂ ਤਹਿਤ ਸਖ਼ਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸਦੇ ਨਾਲ ਹੀ ਦੁਕਾਨਦਾਰਾਂ ਨੂੰ ਹਿਦਾਇਤ ਕੀਤੀ ਗਈ ਹੈ ਕਿ ਕਿਸੇ ਵੀ ਦੁਕਾਨ ਤੇ ਕੋਈ ਵੀ ਐਕਸਪਾਇਰੀ ਖਾਧ ਪਦਾਰਥ ਨਹੀਂ ਹੋਣਾ ਚਾਹੀਦਾ। ਸਾਰੇ ਹਲਵਾਈਆਂ, ਬੇਕਰੀਆ, ਫਾਸਟ ਫੂਡ ਵਿਕਰੇਤਾਵਾਂ ਅਤੇ ਹੋਰ ਖਾਧ ਪਦਾਰਥ ਤਿਆਰ ਕਰਨ ਵਾਲਿਆਂ ਨੂੰ ਏਪਰਨ, ਟੋਪੀ, ਦਸਤਾਨੇ ਤੇ ਮਾਸਕ ਪਾਉਂਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਫੂਡ ਸੇਫਟੀ ਸਟੈਡਰਡ ਐਕਟ ਅਧੀਨ ਕਾਰਵਾਈ ਕੀਤੀ ਜਾਵੇਗੀ।