ਸਿਹਤ ਵਿਭਾਗ ਦੇ ਸਾਰਥਕ ਯਤਨਾ ਨਾਲ ਡਾਇਰੀਆ ਆਊਟਬ੍ਰੇਕ ਤੇ ਪਾਇਆ ਗਿਆ ਕਾਬੂ
ਹੁਸ਼ਿਆਰਪੁਰ 9 ਸਤੰਬਰ 2024: ਭੀਮ ਨਗਰ ਵਿਖੇ ਵਾਟਰ ਸਪਲਾਈ ਵਿਚ ਸੀਵਰੇਜ ਦੀ ਲੀਕੇਜ ਮਿਕਸ ਹੋਣ ਕਾਰਣ ਹੋਈ ਡਾਇਰੀਆ ਦੀ ਆਊਟਬ੍ਰੇਕ ਕਾਰਣ ਲੱਗਭਗ 50 ਮਰੀਜ ਈਐਸਆਈ ਹਸਪਤਾਲ ਪੁਰਹੀਰਾਂ ਪਹੁੰਚੇ। ਜਿਨਾਂ ਵਿੱਚੋਂ 37 ਮਰੀਜ ਦਾਖਲ ਕੀਤੇ ਗਏ ਹਨ ਜਿਨਾਂ ਦੀ ਹਾਲਤ ਹੁਣ ਬਿਲਕੁਲ ਸਥਿਰ ਹੈ ਅਤੇ 13 ਮਰੀਜਾਂ ਨੂੰ ਓਪੀਡੀ ਤੋਂ ਦਵਾਈ ਦੇ ਕੇ ਘਰ ਭੇਜ ਦਿੱਤਾ ਗਿਆ। ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਭੀਮ ਨਗਰ ਇਲਾਕੇ ਵਿੱਚ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।
ਜਿੱਥੇ ਇਲਾਕੇ ਦੇ ਡਾਇਰੀਆ ਨਾਲ ਗ੍ਰਸਤ ਮਰੀਜ਼ਾਂ ਦੀ ਜਾਂਚ ਕਰਕੇ ਦਵਾਈਆਂ ਦਿੱਤੀਆਂ ਗਈਆਂ ਅਤੇ ਓ.ਆਰ.ਐਸ ਵੰਡੇ ਗਏ। ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਦੀ ਅਗਵਾਈ ਵਿੱਚ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ ਜਿਸ ਵਿੱਚ ਐਚਆਈ, ਮਲਟੀ ਪਰਪਜ ਹੈਲਥ ਵਰਕਰ ਅਤੇ ਵਾਲੰਟੀਅਰ ਸਮੇਤ ਕੁੱਲ 21 ਮੈਂਬਰਾਂ ਨੇ ਭੀਮ ਨਗਰ ਵਿੱਚ ਘਰ ਘਰ ਜਾ ਕੇ ਸਰਵੇ ਕੀਤਾ ਅਤੇ ਉਹਨਾਂ ਵੱਲੋਂ ਕਲੋਰੀਨ ਦੀਆਂ ਗੋਲੀਆਂ ਅਤੇ ਓ.ਆਰ.ਐਸ ਦੇ ਪੈਕੇਟ ਵੰਡੇ ਗਏ। ਹੈਲਥ ਟੀਮ ਵੱਲੋਂ ਪਾਣੀ ਦੀ ਜਾਂਚ ਲਈ ਸੈਂਪਲ ਲਏ ਗਏ ਅਤੇ ਮਰੀਜਾਂ ਦੇ ਸਟੂਲ ਸੈੰਪਲ ਵੀ ਲਏ ਗਏ। ਜਿਹਨਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ ।ਦਫਤਰ ਸਿਵਲ ਸਰਜਨ ਦੀ ਮੀਡੀਆ ਵਿੰਗ ਦੀ ਟੀਮ ਵੱਲੋਂ ਆਸ਼ਾ ਵਰਕਰਾਂ ਦੇ ਸਹਿਯੋਗ ਨਾਲ ਅਵੇਅਰਨੈੱਸ ਪੈਫਲਟ ਵੰਡੇ ਗਏ।
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਡਾ ਪਵਨ ਕੁਮਾਰ ਨੇ ਦੱਸਿਆ ਕਿ ਭੀਮ ਨਗਰ ਇਲਾਕੇ ਵਿੱਚ ਲੀਕੇਜ ਦੀ ਹੋਈ ਸਮੱਸਿਆ ਨੂੰ ਤੁਰੰਤ ਪ੍ਰਭਾਵ ਨਾਲ ਦਰੁੱਸਤ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸੰਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ (ਆਈ.ਏ.ਐਸ) ਨੇ ਸਿਹਤ ਵਿਭਾਗ ਅਤੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਅਤੇ ਉਹਨਾਂ ਮਰੀਜਾਂ ਦੇ ਇਲਾਜ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਅਲਟਰਨੇਟ ਪਾਣੀ ਦੀ ਸਪਲਾਈ ਜਾਰੀ ਰੱਖਣ ਲਈ ਕਿਹਾ।
ਦਫਤਰ ਸਿਵਲ ਸਰਜਨ ਦੀ ਮਾਸ ਮੀਡੀਆ ਟੀਮ ਵੱਲੋਂ ਮਰੀਜਾਂ ਨਾਲ ਦਸਤਾਂ ਤੋੰ ਬਚਾਓ ਅਤੇ ਇਲਾਜ ਲਈ ਓ.ਆਰ.ਐਸ ਦੇ ਘੋਲ ਤਿਆਰ ਕਰਨ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ ਗਈ। ਲੋਕਾਂ ਨੂੰ ਦੱਸਿਆ ਗਿਆ ਕਿ ਜੇਕਰ ਦਸਤ ਲੱਗ ਜਾਣ ਤਾਂ ਤੁਰੰਤ ਓ ਆਰ ਐਸ ਥੋੜੇ ਥੋੜੇ ਸਮੇਂ ਤੇ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਜਦੋਂ ਤੱਕ ਦਸਤ ਬੰਦ ਨਹੀਂ ਹੋ ਜਾਂਦੇ। ਪਾਣੀ ਨੂੰ ਉਬਾਲ ਕੇ ਪੀਤਾ ਜਾਵੇ, ਬਾਹਰਲੇ ਭੋਜਨ ਤੋਂ ਪਰਹੇਜ ਕੀਤਾ ਜਾਵੇ, ਹੱਥ ਸਾਬਣ ਨਾਲ ਚੰਗੀ ਤਰ੍ਹਾਂ ਸਾਫ ਕਰਕੇ ਹੀ ਖਾਣਾ ਬਣਾਇਆ ਜਾਵੇ।