ਸਾਰੀਆਂ ਰਾਜਨੀਤਿਕ ਪਾਰਟੀਆਂ ਪੋਲਿੰਗ ਬੂਥਾਂ ‘ਤੇ ਬੂਥ ਲੈਵਲ ਏਜੰਟ ਨਿਯੁਕਤ ਕਰਨ: ਰਾਜੀਵ ਵਰਮਾ

ਨਵਾਂਸ਼ਹਿਰ, 21 ਮਾਰਚ : ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹਰੇਕ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀ ਲਈ ਹਰੇਕ ਪੋਲਿੰਗ ਸਟੇਸ਼ਨ ”ਤੇ ਆਪਣਾ-ਆਪਣਾ ਬੂਥ ਲੈਵਲ ਏਜੰਟ ਨਿਯੁਕਤ ਕਰਨ ਸਬੰਧੀ ਵਧੀਕ ਡਿਪਟੀ ਕਮਿਸ਼ਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਰਾਜੀਵ ਵਰਮਾ ਵੱਲੋਂ ਜ਼ਿਲ੍ਹੇ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਵੱਖ-ਵੱਖ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਹੋਏ।
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਜ਼ਿਲ੍ਹੇ ਵਿਚ ਪੈਂਦੇ ਤਿੰਨ ਵਿਧਾਨ ਸਭਾ ਚੋਣ ਹਲਕਿਆਂ ਦੇ ਸਾਰੇ ਪੋਲਿੰਗ ਬੂਥਾਂ ‘ਤੇ ਆਪਣੇ-ਆਪਣੇ ਬੀ.ਐਲ.ਏ (ਬੂਥ ਲੈਵਲ ਏਜੰਟ) ਨਿਯੁਕਤ ਕਰਨ, ਤਾਂ ਜੋ ਸਬੰਧਿਤ ਪੋਲਿੰਗ ਬੂਥ ਤੇ ਨਿਯੁਕਤ ਬੀ.ਐਲ.ਓ. ਨੂੰ ਲੋੜੀਂਦੀ ਸਹਾਇਤਾ ਮਿਲ ਸਕੇ।


ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਬੀ.ਐਲ.ਏ ਉਸੇ ਪੋਲਿੰਗ ਬੂਥ ਦਾ ਵੋਟਰ ਹੋਵੇ, ਜਿਥੇ ਉਸ ਨੂੰ ਨਿਯੁਕਤ ਕੀਤਾ ਜਾਣਾ ਹੈ ਤੇ ਉਹ ਸਰਕਾਰੀ ਜਾਂ ਸਥਾਨਕ ਪ੍ਰਸ਼ਾਸਨ ਜਾਂ ਪੀ.ਐਸ.ਯੂ ਦਾ ਮੁਲਾਜ਼ਮ ਨਹੀਂ ਹੋਣਾ ਚਾਹੀਦਾ। ਨਿਯੁਕਤ ਬੀ.ਐਲ.ਏ ਆਪਣੇ ਪੋਲਿੰਗ ਬੂਥ ਵਿਚ ਵੋਟਾਂ ਬਨਾਉਣ, ਕਟਾਉਣ ਜਾਂ ਸੋਧ ਕਰਨ ਸਬੰਧੀ ਸੂਚੀ ਤਿਆਰ ਕਰ ਸਕਦਾ ਹੈ ਤੇ ਉਹ ਇਕ ਸਮੇਂ ਵੱਧ ਤੋਂ ਵੱਧ 10 ਫਾਰਮ ਬੀ.ਐਲ.ਓ ਨੂੰ ਦੇ ਸਕਦਾ ਹੈ।

ਇਸ ਤੋਂ ਇਲਾਵਾ ਰਾਜਨੀਤਿਕ ਪਾਰਟੀ ਨਿਯੁਕਤ ਕੀਤੇ ਬੀ.ਐਲ.ਏ ਨੂੰ ਆਈ.ਡੀ.ਕਾਰਡ ਵੀ ਜਾਰੀ ਕਰ ਸਕਦੀ ਹੈ।