ਕੈਬਨਿਟ ਮੰਤਰੀ ਜਿੰਪਾ ਨੇ ‘ਵੋਇਸ ਫਾਰ ਵੋਇਸਲੈੱਸ’ ਸੰਸਥਾ ਨੂੰ ਦਿੱਤਾ ਤਿੰਨ ਲੱਖ ਦਾ ਚੈੱਕ
ਹੁਸ਼ਿਆਰਪੁਰ, 6 ਜੁਲਾਈ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਆਪਣੇ ਅਧਿਕਾਰਤ ਫੰਡ ਤੋਂ ਵੋਇਸ ਫਾਰ ਵੋਇਸਲੈੱਸ ਸੰਸਥਾ ਨੂੰ ਤਿੰਨ ਲੱਖ ਰੁਪਏ ਦਾ ਚੈੱਕ ਸੌਂਪਦਿਆਂ ਕਿਹਾ ਕਿ ਬੇਜ਼ੁਬਾਨ ਜਾਨਵਰਾਂ ਦਾ ਇਲਾਜ ਅਤੇ ਸੁਰੱਖਿਆ ਕਰਕੇ ਇਹ ਸੰਸਥਾ ਰੱਬੀ ਕੰਮ ਕਰ ਰਹੀ ਹੈ, ਜਿਸ ਲਈ ਇਸ ਸੰਸਥਾ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ।
ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਵੋਇਸਲੈੱਸ ਸੈਕੈਂਡ ਇਨਿੰਗ ਹੋਮ ਦੇ ਵਲੰਟੀਅਰ ਸ਼ਹਿਰ ਵਿਚ ਜ਼ਖਮੀ ਪਸ਼ੂਆਂ, ਗਾਵਾਂ, ਬਲਦਾਂ, ਕੁੱਤਿਆਂ, ਬਿੱਲੀਆਂ ਆਦਿ ਦੇ ਇਲਾਜ ਵਿਚ ਕਾਫੀ ਸਰਗਰਮੀ ਨਾਲ ਯੋਗਦਾਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਬੇਜ਼ੁਬਾਨ ਜਾਨਵਰਾਂ ਲਈ ਅੱਗੇ ਆ ਕੇ ਸੰਸਥਾ ਨੇ ਇਕ ਮਿਸਾਲ ਕਾਇਮ ਕੀਤੀ ਹੈ ਜੋ ਕਿ ਹੋਰਨਾਂ ਲੋਕਾਂ ਨੂੰ ਵੀ ਇਸ ਤਰ੍ਹਾਂ ਦੇ ਕੰਮ ਲਈ ਪ੍ਰੇਰਿਤ ਕਰੇਗੀ।
ਕੈਬਨਿਟ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਸਮਾਜ ਹਿੱਤ ਦੇ ਹਰ ਕਾਰਜ ਲਈ ਵੱਧ-ਚੜ੍ਹ ਕੇ ਯੋਗਦਾਨ ਦੇਣ ਲਈ ਵਚਨਬੱਧ ਹੈ ਅਤੇ ਇਸ ਤਰ੍ਹਾਂ ਦੇ ਕੰਮਾਂ ਨੂੰ ਨਿਰੰਤਰ ਉਤਸ਼ਾਹਿਤ ਵੀ ਕਰੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਜ਼ਖਮੀ ਪਸ਼ੂਆਂ ਦੇ ਇਲਾਜ ਲਈ ਜ਼ਰੂਰ ਅੱਗੇ ਆਉਣ ਅਤੇ ਜਿੰਨਾ ਹੋ ਸਕੇ ਆਪਣਾ ਸਹਿਯੋਗ ਜ਼ਰੂਰ ਕਰਨ, ਕਿਉਂਕਿ ਬੇਜ਼ੁਬਾਨਾਂ ਦੀ ਮਦਦ ਕਰਨਾ ਸਭ ਤੋਂ ਪੁੰਨ ਦਾ ਕੰਮ ਹੈ।
ਉਨ੍ਹਾਂ ਕਿਹਾ ਕਿ ਪਸ਼ੂਆਂ ‘ਤੇ ਕਿਸੇ ਵੀ ਤਰ੍ਹਾਂ ਦਾ ਅੱਤਿਆਚਾਰ ਨਾ ਕੀਤਾ ਜਾਵੇ। ਇਸ ਮੌਕੇ ਸੰਸਥਾ ਦੇ ਪ੍ਰਧਾਨ ਨਵੀਨ ਗਰੋਵਰ, ਜਤਿੰਦਰ ਨਾਗਰ, ਪਾਰਸ, ਰਸ਼ਿਮ, ਡਾ. ਪ੍ਰਦੀਪ, ਵਿਜੇ, ਸੰਜੀਵ ਜੋਸ਼ੀ, ਇੰਦਰਜੀਤ, ਨਵਜੋਤ ਰਘੂ, ਈਸ਼ਾਨ, ਦੀਪ ਕਮਲ, ਓਮ ਪ੍ਰਕਾਸ਼, ਮੋਨਿਕਾ ਜੋਸ਼ੀ, ਸੰਜੀਵ ਗਰੋਵਰ, ਰੋਮਾ, ਸ਼ੇਫਾਲੀ, ਅੰਜਲੀ, ਹਰਵਿੰਦਰ ਕੌਰ, ਸਾਹਿਲ ਤੇ ਕਰਨ ਵੀ ਮੌਜੂਦ ਸਨ।