ਪੇਂਡੂ ਮਜ਼ਦੂਰ ਯੂਨੀਅਨ ਦਾ ਮੋਰਚਾ ਚੌਥੇ ਦਿਨ ਚ ਦਾਖ਼ਲ, ਸੰਘਰਸ਼ ਨੂੰ ਜਮਹੂਰੀ ਲੋਕਾਂ, ਜਥੇਬੰਦੀਆਂ ਦਾ ਮਿਲ ਰਿਹਾ ਭਰਵਾਂ ਸਹਿਯੋਗ
ਹੁਸ਼ਿਆਰਪੁਰ 28 ਜੂਨ ( ਤਰਸੇਮ ਦੀਵਾਨਾ ) : ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ 25 ਜੂਨ ਤੋਂ ਐੱਸਐੱਸਪੀ ਦਫ਼ਤਰ ਮਿੰਨੀ ਸਕੱਤਰੇਤ ਦੇ ਗੇਟ ਸਾਹਮਣੇ ਅਣਮਿੱਥੇ ਸਮੇਂ ਲਈ ਲਗਾਇਆ ਮੋਰਚਾ ਸ਼ੁਕਰਵਾਰ ਨੂੰ ਚੌਥੇ ਦਿਨ ਵਿੱਚ ਦਾਖਿਲ ਹੋ ਗਿਆ। ਮੋਰਚੇ ਵਿੱਚ ਵੱਡੀ ਗਿਣਤੀ ਪੇਂਡੂ ਮਜ਼ਦੂਰਾਂ ਨੇ ਸ਼ਮੂਲੀਅਤ ਕਰਦਿਆਂ “ਪੁਲਿਸ ਸਿਆਸੀ ਗੁੰਡਾ ਗੱਠਜੋੜ ਮੁਰਦਾਬਾਦ, ਜੇਲ੍ਹ ਡੱਕੇ ਦਲਿਤ ਮਜ਼ਦੂਰਾਂ ਨੂੰ ਰਿਹਾਅ ਕਰੋ,ਐੱਮ ਐੱਲ ਏ ਅਤੇ ਹਮਾਇਤੀਆਂ ਖਿਲਾਫ਼ ਐੱਸਸੀਐੱਸਟੀ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜਕਰੋ, ਦਲਿਤ ਵਿਰੋਧੀ ਭਗਵੰਤ ਮਾਨ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਮੁਰਦਾਬਾਦ, ਪੇਂਡੂ ਮਜ਼ਦੂਰਾਂ ਦਾ ਏਕਾ ਮੁਰਦਾਬਾਦ” ਵਰਗੀ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੰਜਾਬ ਪੁਲਿਸ ਖਿਲਾਫ਼ ਭੜਾਸ ਕੱਢੀ |
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਸੂਬਾ ਆਗੂ ਕਮਲਜੀਤ ਸੁਨਾਵਾਂ,ਨਿਰਮਲ ਸਿੰਘ ਸ਼ੇਰਪੁਰ ਸੱਧਾ ਨੇ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਜੇਲ੍ਹ ਵਿੱਚ ਬੰਦ ਕੀਤੇ ਟਾਹਲੀ ਦੇ ਤਿੰਨ ਦਲਿਤ ਮਜ਼ਦੂਰਾਂ ਨੂੰ ਰਿਹਾਅ ਨਾ ਕੀਤਾ ਅਤੇ ਐੱਮ ਐੱਲ ਏ ਅਤੇ ਉਸਦੇ ਹਮਾਇਤੀਆਂ ਖਿਲਾਫ਼ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਨਸ਼ਿਆਂ,ਗੈਂਗਵਾਦ ਦੇ ਖਾਤਮੇ ਲਈ ਜ਼ਿੰਮੇਵਾਰਾਂ ਨੂੰ ਜੇਲ੍ਹ ਬੰਦ ਕਰਨ ਦੀ ਥਾਂ ਸਵਾਲ ਪੁੱਛਣ ਵਾਲੇ ਦਲਿਤਾਂ, ਮਜ਼ਦੂਰਾਂ ਨੂੰ ਜੇਲ੍ਹ ਬੰਦ ਕਰਕੇ ਪੁਲਿਸ ਅਧਿਕਾਰੀ ਆਪਣੇ ਆਕਿਆਂ ਦੇ ਹੁਕਮ ਵਜਾ ਰਹੇ ਹਨ। ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਆਗੂ ਕਿਰਨਪ੍ਰੀਤ ਕੌਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ, ਪੁਲਿਸ ਪ੍ਰਸ਼ਾਸਨ ਅਤੇ ਪੇਂਡੂ ਧਨਾਢਾਂ ਦਾ ਨਾਪਾਕ ਗੱਠਜੋੜ ਦਲਿਤ, ਮਜ਼ਦੂਰ ਆਗੂਆਂ ਨੂੰ ਜੇਲ੍ਹ ਵਿੱਚ ਬੰਦ ਕਰਣ ਦੇ ਵਿਰੋਧ ਵਿੱਚ ਉੱਠ ਰਹੇ ਸੰਘਰਸ਼ ਨੂੰ ਕੁਚਲਣ ਦਾ ਮਨ ਵਿੱਚ ਮਨਸੂਬਾ ਪਾਲੀ ਬੈਠੇ ਹਨ ਜੋ ਕਦੇ ਕਾਮਯਾਬ ਨਹੀਂ ਹੋਣਗੇ |
ਇਸ ਮੌਕੇ ਬੁਲਾਰਿਆਂ ਨੇ ਇੱਕ ਸੁਰ ਵਿੱਚ ਪੇਂਡੂ ਮਜ਼ਦੂਰਾਂ ਦੇ ਪ੍ਰੋਵੈਨਸ਼ਲ ਗੌਰਮਿੰਟ ਦੀਆਂ ਅਲਾਟ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾ ਕੇ ਦਲਿਤਾਂ ਨੂੰ ਮਾਲਕੀ ਹੱਕ ਦੇਣ, ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦੇਣ, ਰਿਹਾਇਸ਼ੀ ਪਲਾਟ ਅਲਾਟ ਕਰਨ, ਮਜ਼ਦੂਰਾਂ ਦੀ ਦਿਹਾੜੀ ਵਿੱਚ ਵਾਧਾ ਕਰਨ ਅਤੇ ਦਲਿਤ ਮਜ਼ਦੂਰਾਂ ਉੱਪਰ ਹੋ ਰਹੇ ਅੱਤਿਆਚਾਰ ਰੋਕਣ ਦੀਆਂ ਮੰਗਾਂ ਨੂੰ ਪ੍ਰਮੁੱਖਤਾ ਨਾਲ ਉਠਾਇਆ |
ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਮੋਦ ਗਿੱਲ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਣਜੀਤ ਕੁਮਾਰ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰਮੇਸ਼ ਸਿੰਘ ਢੇਸੀ,ਪੈਰਾ ਮੈਡੀਕਲ ਮੁਲਾਜ਼ਮ ਯੂਨੀਅਨ ਦੇ ਵਿਸ਼ਾਲ ਪੁਰੀ, ਮਲਟੀਪ੍ਰਪਜ਼ ਹੈਲਥ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ , ਆਸ਼ਾ ਵਰਕਰ ਅਤੇ ਫੈਸਿਲੀਟੇਟਰ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਇੰਦੂ ਰਾਣਾ,ਵਿੱਤ ਸਕੱਤਰ ਕਿਰਨ ਬਾਲਾ,ਬਲਾਕ ਦਸੂਹਾ ਪ੍ਰਧਾਨ ਤ੍ਰਿਸ਼ਲਾ, ਮੁਕੇਰੀਆਂ ਬਲਾਕ ਦੇ ਪ੍ਰਧਾਨ ਬੇਵੀ ਅਤੇ ਹਾਰਟਾਬਡਲਾ ਦੇ ਬਲਾਕ ਪ੍ਰਧਾਨ ਰਾਜ ਕੁਮਾਰ, ਪੰਜਾਬ ਖੇਤ ਮਜ਼ਦੂਰ ਸਭਾ ਦੇ ਵੀਰ ਕੁਮਾਰ, ਸੰਯੁਕਤ ਮੋਰਚਾ ਦੇ ਲੇਬਰ ਵਿੰਗ ਦੇ ਪ੍ਰਧਾਨ ਪ੍ਰਸ਼ੋਤਮ ਰਾਜ ਅਹੀਰ ਆਦਿ ਨੇ ਸੰਬੋਧਨ ਕੀਤਾ।