ਸੀਐਮ ਯੋਗਸ਼ਾਲਾ ਦਾ ਵੱਧ ਤੋਂ ਵੱਧ ਲਾਭ ਲੈ ਕੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲੋਕ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 15 ਜੂਨ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਬਿਹਤਰੀਨ ਪ੍ਰੋਗਰਾਮ ਸੀ.ਐਮ ਦੀ ਯੋਗਸ਼ਾਲਾ ਦਾ ਲੋਕ ਵੱਧ ਤੋਂ ਵੱਧ ਲਾਭ ਲੈ ਕੇ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਮੁਫ਼ਤ ਯੋਗ ਕਲਾਸਾਂ ਦੇਣ ਦੀ ਇਕ ਪਹਿਲ ਹੈ। ਇਸ ਯੋਜਨਾ ਤਹਿਤ ਪੰਜਾਬ ਵਿਚ ਪ੍ਰਮਾਣਿਤ ਯੋਗ ਅਧਿਆਪਕਾਂ ਦੀ ਇਕ ਟੀਮ ਸਥਾਪਿਤ ਕੀਤੀ ਗਈ ਹੈ, ਤਾਂ ਜੋ ਯੋਗ ਨੂੰ ਘਰ-ਘਰ ਤੱਕ ਪਹੁੰਚਾਇਆ ਜਾ ਸਕੇ ਅਤੇ ਜਨਤਾ ਨੂੰ ਯੋਗ ਟੀਚਰਾਂ ਦੀ ਸੁਵਿਧਾ ਦੇ ਕੇ ਇਸ ਨੂੰ ਇਕ ਜਨ ਅੰਦੋਲਨ ਵਿਚ ਬਦਲਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰ ਵਿਚ 117 ਯੋਗ ਕਲਾਸਾਂ ਤੋਂ ਇਲਾਵਾ ਜ਼ਿਲ੍ਹੇ ਵਿਚ ਦਸੂਹਾ, ਮੁਕੇਰੀਆਂ, ਟਾਂਡਾ, ਹਾਜੀਪੁਰ, ਤਲਵਾੜਾ, ਭੂੰਗਾ, ਹਰਿਆਣਾ, ਚੱਬੇਵਾਲ, ਮਾਹਿਲਪੁਰ ਅਤੇ ਗੜ੍ਹਸ਼ੰਕਰ ਵਿਚ ਪਾਰਕਾ, ਗੁਰਦੁਆਰਾ ਸਾਹਿਬ, ਮੰਦਰਾਂ ਦੇ ਵਿਹੜੇ ਵਿਚ ਯੋਗ ਦੀਆਂ ਕਰੀਬ 250 ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਸ ਦਾ ਉਦੇਸ਼ ਨਾਗਰਿਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਵਿਚ ਧਿਆਨ ਅਤੇ ਯੋਗ ਦੇ ਮਹੱਤਵ ਨੂੰ ਉਜਾਗਰ ਕਰਨਾ ਹੈ। ਇਕ ਪ੍ਰਾਚੀਨ ਮੁਹਿੰਮ ਦੇ ਰੂਪ ਵਿਚ ਯੋਗ ਕਿਸੇ ਦੇ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਕਰਨ ਦਾ ਇਕ ਪ੍ਰਭਾਵੀ ਸਾਧਨ ਸਾਬਤ ਹੋਇਆ ਹੈ। ਰੋਜ਼ਾਨਾ ਅਭਿਆਸ ਦੁਆਰਾ ਵਿਅਕਤੀ ਇਕਾਗਰਤਾ ਦਾ ਵਿਕਾਸ ਕਰ ਸਕਦਾ ਹੈ ਅਤੇ ਆਪਣੇ ਵਾਤਾਵਰਨ ਦੇ ਨਾਲ ਵੱਧ ਤੋਂ ਵੱਧ ਇਕਸੁਰਤਾ ਸਥਾਪਿਤ ਕਰ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸੂਬੇ ਵਿਚ ਇਹ ਯੋਜਨਾ ਪਿਛਲੇ ਸਾਲ ਅਪ੍ਰੈਲ ਮਹੀਨੇ ਵਿਚ ਸ਼ੁਰੂ ਕੀਤੀ ਗਈ ਸੀ, ਜਿਸ ਦੇ ਤਹਿਤ ਵੱਖ-ਵੱਖ ਪੜਾਵਾਂ ਵਿਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆ ਨੂੰ ਕਵਰ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੀ.ਐਮ ਦੀ ਯੋਗਸ਼ਾਲਾ ਰਾਹੀਂ ਲੋਕਾਂ ਨੂੰ ਉਨ੍ਹਾਂ ਦੁਆਰਾ ਚੁੱਣੇ ਗਏ ਸਥਾਨ ਜਿਵੇਂ ਕਿ ਪਾਰਕਾਂ, ਜਨਤਕ ਥਾਵਾਂ ’ਤੇ ਮੁਫ਼ਤ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਆਦਰਸ਼ ਨਗਰ ਚਿਲਡਰਨ ਪਾਰਕ ਨਿਊ ਸਿਵਲ ਲਾਈਨ ਹੁਸ਼ਿਆਰਪੁਰ ਵਿਚ ਗਰੁੱਪ ਲੀਡਰ ਰਵਿੰਦਰ ਕੌਰ ਅਤੇ ਇੰਸਟਰੱਕਟਰ ਪੂਰਣਿਮਾ ਵੱਲੋਂ ਰੋਜਾਨਾ ਸਵੇਰੇ 5:30 ਵਜੇ ਤੋਂ 6:30 ਵਜੇ ਤੱਕ ਯੋਗ ਕਲਾਸਾਂ ਲਗਾਈਆਂ ਜਾਂਦੀਆਂ ਹਨ।
ਨਿਊ ਸਿਵਲ ਲਾਈਨ ਦੀ ਕੁਸਮ ਲਤਾ ਨੇ ਦੱਸਿਆ ਕਿ ਯੋਗ ਤੁਹਾਡੇ ਸਰੀਰਕ,ਮਾਨਸਿਕ ਅਤੇ ਅਧਿਆਤਮਿਕ ਸਿਹਤ ਲਈ ਵੀ ਬਹੁਤ ਅਸਰਦਾਰ ਹੈ। ਇਹ ਮੈਨੂੰ ਅੰਦਰੂਨੀ ਸ਼ਾਂਤੀ ਦਿੰਦਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਸ ਤਰ੍ਹਾਂ ਦੇ ਬਿਹਤਰੀਨ ਪ੍ਰੋਗਰਾਮ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਯੋਗ ਦੇ ਕਾਰਨ ਮੇਰਾ ਵਜ਼ਨ ਅਤੇ ਸਰੀਰ ਦੇ ਦਰਦ ਸਬੰਧੀ ਸਮੱਸਿਆਵਾਂ ਨੂੰ ਨਿਯੰਤਰਿਤ ਕਰਨ ਵਿਚ ਮਦਦ ਮਿਲੀ ਹੈ।
ਪਵਨ ਕੁਮਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਮ ਜਨਤਾ ਦੇ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਬਿਹਤਰ ਬਣਾਉਣ ਲਈ ਇਸ ਤਰ੍ਹਾਂ ਦੇ ਉਦੇਸ਼ਪੂਰਨ ਯਤਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਾਨੂੰ ਵੱਖ-ਵੱਖ ਸਿਹਤ ਮੁੱਦਿਆਂ ‘ਤੇ ਵਿਚਾਰ ਕਰਕੇ ਉਨ੍ਹਾਂ ਦੱਸਿਆ ਕਿ ਯੋਗ ਤੋਂ ਪਹਿਲਾ ਮੇਰੇ ਹੱਥ ਕੰਬਦੇ ਸਨ,ਪਰ ਲਗਾਤਾਰ ਅਭਿਆਸ ਤੋਂ ਬਾਅਦ ਸਿਰਫ 2 ਹਫ਼ਤਿਆਂ ਵਿਚ ਮੇਰੇ ਹੱਥਾਂ ਦਾ ਕੰਬਣਾਂ ਕਾਫੀ ਹੱਦ ਤੱਕ ਘੱਟ ਹੋ ਗਿਆ।
ਯੋਗ ਸੁਪਰਵਾਈਜ਼ਰ ਮਾਧਵੀ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦੇ ਕੋਲ ਯੋਗ ਕਲਾਸ ਕਰਨ ਦਾ ਸਥਾਨ ਉਪਲਬੱਧ ਹੈ ਅਤੇ ਘੱਟ ਤੋਂ ਘੱਟ 25 ਲੋਕਾਂ ਦਾ ਸਮੂਹ ਹੈ, ਤਾਂ ਪੰਜਾਬ ਸਰਕਾਰ ਯੋਗ ਟਰੇਡ ਇੰਸਟਰੱਕਟਰ ਘਰ ਭੇਜੇਗੀ। ਜੇਕਰ ਲੋਕ ਚਾਹੁੰਣ ਤਾਂ ਉਹ ਖੁਦ ਜਾਂ ਇਕ ਵਿਅਕਤੀ ਦੇ ਲਈ ਵੀ ਪੰਜੀਕਰਨ ਕਰ ਸਕਦੇ ਹਨ। ਜੋ ਲੋਕ ਇਨ੍ਹਾਂ ਕਲਾਸਾਂ ਦਾ ਲਾਭ ਲੈਣਾ ਚਾਹੁੰਦੇ ਹਨ ਤਾਂ ਉਹ ਟੋਲ ਫਰੀ ਨੰਬਰ 76694-00500 ’ਤੇ ਮਿਸਡ ਕਾਲ ਦੇ ਸਕਦੇ ਹਨ ਜਾਂ ਫਿਰ ਸੀ.ਐਮ ਦੀ ਯੋਗਸ਼ਾਲਾ ਪੋਰਟਲ cmdiyogshala.punjab.gov.in ’ਤੇ ਲਾਗਇਨ ਕਰ ਸਕਦੇ ਹਨ।