ਪ੍ਰਾਈਵੇਟ ਬੱਸ ਕੰਪਨੀਆਂ ਦੀ ਚੂਹਾ-ਦੌੜ ਕਾਰਨ ਹੁਸ਼ਿਆਰਪੁਰ-ਜਲੰਧਰ ਸਫਰ ਖਤਰੇ ਤੋਂ ਖਾਲੀ ਨਹੀਂ

ਹੁਸ਼ਿਆਰਪੁਰ 10 ਜੂਨ ( ਤਰਸੇਮ ਦੀਵਾਨਾ ): ਹੁਸ਼ਿਆਰਪੁਰ ਜਲੰਧਰ ਨੈਸ਼ਨਲ ਹਾਈਵੇਅ ਉੱਪਰ ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ਦੇ ਬੱਸ ਚਾਲਕਾਂ ਵਲੋਂ ਕੀਤੀਆਂ ਜਾਂਦੀਆਂ ਮਨਮਾਨੀਆਂ ਤੋਂ ਆਮ ਲੋਕ ਡਾਢੇ ਦੁਖੀ ਹਨ। ਦੱਸਿਆ ਜਾਂਦਾ ਹੈ ਕਿ ਲੱਗਭਗ ਸਾਰੀਆਂ ਹੀ ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ਦੇ ਬੱਸ ਚਾਲਕਾਂ ਵਲੋਂ ਵੱਧ ਤੋਂ ਵੱਧ ਸਵਾਰੀਆਂ ਚੁੱਕਣ ਦੀ ਚੂਹਾ-ਦੋੜ ਵਿਚ ਸ਼ਰੇਆਮ ਟਰਾਂਸਪੋਰਟ ਨਿਯਮਾਂ ਦੀ ਉਲੰਘਣਾ ਕਰਦਿਆਂ ਹੋਇਆ ਆਮ ਕਰਕੇ ਟਰੈਫਿਕ ਪੁਲਸ ਕਰਮਚਾਰੀਆਂ ਦੇ ਸਾਹਮਣੇ ਹੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਤੇਜ਼ ਰਫਤਾਰ ਬੱਸ ਚਾਲਕ ਉਡਾਉਂਦੇ ਨੇ ਸੁਰੱਖਿਆ ਨਿਯਮਾਂ ਦੀਆਂ ਧੱਜੀਆਂ


ਇੰਝ ਲੱਗਦਾ ਹੈ ਕਿ ਸਾਇਦ ਸਿਆਸੀ ਛੱਤਰੀ ਕਾਰਨ ਹੀ ਟਰਾਂਸਪੋਰਟ ਮਹਿਕਮਾ ਅਤੇ ਟਰੈਫਿਕ ਪੁਲਸ ਕਰਮਚਾਰੀ ਇਨ੍ਹਾਂ ਨੂੰ ਹੱਥ ਨਹੀਂ ਪਾਉਂਦੇ ਜਿਸ ਕਾਰਨ ਸੜਕ ਸੁਰੱਖਿਆ ਨਿਯਮਾਂ ਦੇ ਨਾਲ-ਨਾਲ ਆਮ ਲੋਕਾਂ ਅਤੇ ਸਵਾਰੀਆਂ ਦੀ ਜਾਨ ਦੀ ਸੁਰੱਖਿਆ ਨੂੰ ਟਿੱਚ ਜਾਣਦਿਆਂ ਹੋਇਆ ਸ਼ਰੇਆਮ ਮਨਮਾਨੀ ਕੀਤੀ ਜਾ ਰਹੀ ਹੈ।

*ਸਿਆਸੀ ਲੋਕਾਂ ਦੀ ਹੈ ਅਜ਼ਾਰੇਦਾਰੀ *
ਜਿਕਰਯੋਗ ਹੈ ਕਿ ਜ਼ਿਆਦਾਤਰ ਨਿੱਜੀ ਟਰਾਂਸਪੋਰਟ ਕੰਪਨੀਆਂ ਉੱਪਰ ਸਿਆਸੀ ਅਸਰਅੰਦਾਜ਼ ਜਾਂ ਸਿਆਸੀ ਸ਼ਹਿ ਪ੍ਰਾਪਤ ਲੋਕਾਂ ਦੀ ਅਜਾਰੇਦਾਰੀ ਹੋਣ ਦੇ ਸਿੱਟੇ ਵਜੋਂ ਸਰਕਾਰੀ ਅਤੇ ਪ੍ਰਸਾਸ਼ਨਿਕ ਕਾਇਦੇ ਕਾਨੂੰਨਾਂ ਦਾ ਮੂੰਹ ਚਿੜਾਉਂਦੇ ਹੋਏ ਬੱਸ ਚਾਲਕਾਂ ਦੀਆਂ ਮਨਮਾਨੀਆਂ ਆਏ ਦਿਨ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ। ਪ੍ਰਾਈਵੇਟ ਬੱਸਾਂ ਵਲੋਂ ਵੱਧ ਤੋਂ ਵੱਧ ਸਵਾਰੀਆਂ ਚੁੱਕਣ ਦੀ ਦੌੜ ਵਿਚ ਬੱਸਾਂ ਸੜਕ ਉੱਪਰ ਤੂਫਾਨੀ ਰਫਤਾਰ ਨਾਲ ਦੌੜਦੀਆਂ ਹੋਈਆਂ ਇਕ-ਦੂਜੇ ਦਾ ਪਿੱਛਾ ਕਰਦੀਆਂ ਹਨ | ਹਾਲਾਂਕਿ ਪ੍ਰੈਸ਼ਰ ਹਾਰਨਾਂ ਤੇ ਸਰਕਾਰ ਵੱਲੋਂ ਸਖਤੀ ਵੀ ਕੀਤੀ ਗਈ ਪਰ ਇਸ ਦੀ ਪ੍ਰਵਾਹ ਨਾ ਕਰਦਿਆਂ ਪ੍ਰੈਸ਼ਰ ਹੌਰਨ ਤੇ ਲਗਾਤਾਰ ਹੱਥ ਟਿਕਾਈ ਨਿੱਜੀ ਕੰਪਨੀਆਂ ਦੀਆਂ ਤੇਜ਼ ਰਫਤਾਰ ਬੱਸਾਂ ਦੀ ਲਪੇਟ ਵਿਚ ਆ ਕੇ ਬਹੁਤੀ ਵਾਰ ਬੇਕਸੂਰ ਲੋਕਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣਾ ਪੈ ਰਿਹਾ ਹੈ ਜਾ ਫਿਰ ਅਪਾਹਜ ਹੋ ਕੇ ਜ਼ਿੰਦਗੀ ਦਾ ਬੋਝ ਢੋਣਾ ਪੈ ਰਿਹਾ ਹੈ। ਇਸੇ ਕਾਰਨ ਕੁੱਝ ਹੀ ਸਮਾਂ ਪਹਿਲਾਂ ਹੁਸ਼ਿਆਰਪੁਰ ਜਲੰਧਰ ਰੋਡ ਤੇ ਨਸਰਾਲੇ ਨਜ਼ਦੀਕ ਸਿਆਸੀ ਸਰਪ੍ਰਸਤੀ ਪ੍ਰਾਪਤ ਇੱਕ ਨਿੱਜੀ ਕੰਪਨੀ ਦੀ ਤੇਜ਼ ਰਫਤਾਰ ਬੱਸ ਫੈਕਟਰੀ ਦੀਆਂ ਕੰਧਾਂ ਤੋੜ ਕੇ ਅੰਦਰ ਜਾ ਵੜੀ | ਇਸੇ ਕੰਪਨੀ ਦੀ ਹੀ ਤੇਜ ਰਫਤਾਰ ਬੱਸ ਇਸ ਜਗ੍ਹਾ ਤੇ ਹੀ ਕੁਝ ਸਾਲ ਪਹਿਲਾਂ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਜਿਸ ਵਿੱਚ ਕਈ ਕੀਮਤੀ ਜਾਨਾਂ ਗਈਆਂ |
* ਸੜਕ ਸੁਰੱਖਿਆ ਨਿਯਮਾਂ ਦੀ ਨਹੀਂ ਕਰਦੇ ਪ੍ਰਵਾਹ *
ਬੱਸ ਚਾਲਕਾਂ ਦੀ ਲਾਪਰਵਾਹੀ ਦਾ ਆਲਮ ਇਹ ਹੈ ਕਿ ਕਈ ਵਾਰ ਤੇਜ਼ ਰਫਤਾਰ ਸੜਕ ‘ਤੇ ਜਾਂਦੀਆਂ ਬੱਸਾਂ ਦੇ ਚਾਲਕਾਂ ਨੂੰ ਜੇਕਰ ਕਿਤੇ ਕੋਈ ਸਵਾਰੀ ਨਜ਼ਰ ਆ ਜਾਵੇ ਤਾਂ ਸੁਰੱਖਿਆ ਨਿਯਮਾਂ ਨੂੰ ਤਾਕ ‘ਤੇ ਰੱਖ ਕੇ ਭਰੀ ਸੜਕ ਵਿਚ ਹੀ ਬ੍ਰੇਕ ਮਾਰ ਲੈਂਦੇ ਹਨ ਜਿਸ ਕਾਰਨ ਪਿੱਛੇ ਆਉਂਦੇ ਵਾਹਨ ਚਾਲਕਾਂ ਲਈ ਖਤਰੇ ਭਰੀ ਸਥਿਤੀ ਪੈਦਾ ਹੋ ਜਾਂਦੀ ਹੈ। ਨੱਕੋ-ਨੱਕ ਭਰੀ ਹੋਣ ਦੇ ਬਾਵਜੂਦ ਕੰਡਕਟਰਾਂ ਵਲੋਂ ‘ਅੱਗੇ ਹੋ ਜੇ ਭਾਈ ਸਾਰੀ ਬੱਸ ਖਾਲੀ ਪਈ ਕਹਿੰਦੇ ਹੋਏ ਖੜੇ ਹੋ ਕੇ ਸਫਰ ਕਰਨ ਲਈ ਮਜਬੂਰ ਕਰ ਦਿੰਦੇ ਹਨ। ਜੇਕਰ ਅੱਗੋਂ ਕੋਈ ਸਵਾਰੀ ਹੀਲ-ਹੁੱਜਤ ਕਰ ਜਾਵੇ ਤਾਂ ਭਰੀ ਸਭਾ ਵਿਚ ਕੰਡਕਟਰਾਂ ਦੀ ਅਵੈੜੀ ਬੋਲੀ ਦਾ ਸ਼ਿਕਾਰ ਬਣਨਾ ਪੈਂਦਾ ਹੈ। ਜੇਕਰ ਬੱਸਾਂ ਦੇ ਅੰਦਰ ਤੂੜ ਕੇ ਸਵਾਰੀ ਭਰਨ ਦੇ ਬਾਵਜੂਦ ਹੋਰ ਸਵਾਰੀ ਮਿਲ ਜਾਵੇ ਤਾਂ ਬੱਸਾਂ ਦੀਆਂ ਛੱਤਾਂ ‘ਤੇ ਸਵਾਰੀਆਂ ਬਿਠਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ ।
* ਟਰਾਂਸਪੋਰਟ ਮਹਿਕਮੇ ਨੂੰ ਤੁਰੰਤ ਹਰਕਤ ਵਿਚ ਆਉਣ ਦੀ ਲੋੜ *
ਹਰ ਇਕ ਮਿੰਟ ਬਾਅਦ ਬੱਸ ਸਟੈਂਡ ਤੋਂ ਨਿੱਕਲਦੀਆਂ ਬੱਸਾਂ ਅਤੇ ਫਿਰ ਇਨ੍ਹਾਂ ਵਲੋਂ ਮਚਾਈ ਜਾਂਦੀ ਤੇਜ਼ ਰਫਤਾਰ ਚੂਹਾ- ਦੌੜ ਦੇ ਚੱਲਦਿਆਂ ਹੁਸ਼ਿਆਰਪੁਰ-ਜਲੰਧਰ ਨੈਸਨਲ ਹਾਈਵੇਅ ‘ਤੇ ਸਫਰ ਕਰਨਾ ਹੁਣ ਖਤਰੇ ਤੋਂ ਖਾਲੀ ਨਹੀਂ ਰਿਹਾ | ਮੌਜੂਦਾ ਸਮੇਂ ਇਹ ਨੈਸ਼ਨਲ ਹਾਈ ਵੇਅ ਦੋਹਾਂ ਜ਼ਿਲ੍ਹਿਆਂ ਵਿੱਚ ਪੈਂਦਾ ਹੋਣ ਕਾਰਣ ਹੁਸ਼ਿਆਰਪੁਰ ਅਤੇ ਜਲੰਧਰ ਦੋਹਾਂ ਜਿਲਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਟਰਾਂਸਪੋਰਟ ਮਹਿਕਮੇ ਨੂੰ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਤੁਰੰਤ ਹਰਕਤ ਵਿਚ ਆਉਣ ਦੀ ਲੋੜ ਹੈ।