ਵੋਟਾਂ ਦੀ ਗਿਣਤੀ ਪੂਰੀ ਪਾਰਦਰਸ਼ਤਾ ਤੇ ਨਿਰਵਿਘਨ ਢੰਗ ਨਾਲ ਕਰਵਾਉਣ ਲਈ ਸਾਰੇ ਇੰਤਜ਼ਾਮ ਮੁਕੰਮਲ : ਕੋਮਲ ਮਿੱਤਲ
ਹੁਸ਼ਿਆਰਪੁਰ, 3 ਜੂਨ: ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੋਕ ਸਭਾ ਚੋਣਾਂ-2024 ਲਈ ਹੁਸ਼ਿਆਰਪੁਰ ਲੋਕ ਸਭਾ ਹਲਕੇ ਲਈ 1 ਜੂਨ ਨੂੰ ਪਈਆਂ ਵੋਟਾਂ ਦੀ ਗਿਣਤੀ 4 ਜੂਨ 2024 ਨੂੰ ਪੂਰੀ ਪਾਰਦਰਸ਼ਤਾ ਤੇ ਨਿਰਵਿਘਨ ਢੰਗ ਨਾਲ ਕਰਵਾਉਣ ਲਈ ਸਾਰੇ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ। ਜਨਰਲ ਅਬਜ਼ਰਵਰ ਡਾ. ਆਰ.ਆਨੰਦਕੁਮਾਰ ਅਤੇ ਐਸ.ਐਸ.ਪੀ ਸੁਰੇਂਦਰ ਲਾਂਬਾ ਨਾਲ ਗਿਣਤੀ ਕੇਂਦਰਾਂ ਦਾ ਜਾਇਜ਼ਾ ਲੈਣ ਮੌਕੇ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ ਹੁਸ਼ਿਆਰਪੁਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਭਾਰਤ ਚੋਣ ਕਮਿਸ਼ਨ ਵਲੋਂ ਤਾਇਨਾਤ ਅਬਜ਼ਰਵਰਾਂ, ਮਾਈਕਰੋ ਅਬਜ਼ਰਵਰਾਂ, ਉਮੀਦਵਾਰਾਂ ਅਤੇ ਉਨ੍ਹਾਂ ਦੇ ਏਜੰਟਾਂ ਦੀ ਨਜ਼ਰ ਹੇਠ ਪੂਰੇ ਸੁਤੰਤਰ ਢੰਗ ਨਾਲ ਸਵੇਰੇ 8 ਵਜੇ ਸ਼ੁਰੂ ਹੋਵੇਗੀ।
ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਲਈ 572 ਕਰਮਚਾਰੀਆਂ ਦਾ ਗਿਣਤੀ ਅਮਲਾ ਤਾਇਨਾਤ ਕੀਤਾ ਗਿਆ ਹੈ, ਜਿਸ ਵਿਚ ਇਕ-ਇਕ ਗਿਣਤੀ ਸੁਪਰਵਾਈਜ਼ਰ, ਦੋ-ਦੋ ਕਾਊਂਟਿੰਗ ਸਹਾਇਕ ਅਤੇ ਇਕ-ਇਕ ਮਾਈਕਰੋ ਅਬਜ਼ਰਵਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਗਿਣਤੀ ਲਈ ਕੁੱਲ 136 ਟੇਬਲ ਲਗਾਏ ਗਏ ਹਨ, ਜਿਨ੍ਹਾਂ ਵਿਚ ਹਰੇਕ ਗਿਣਤੀ ਕੇਂਦਰ ਵਿਚ 14-14 ਟੇਬਲ ਹਨ। ਇਸ ਤੋਂ ਇਲਾਵਾ 10 ਟੇਬਲ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਲਈ ਲਗਾਏ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੀ ਵੋਟਾਂ ਦੀ ਗਿਣਤੀ ਲਈ ਦੋ ਥਾਵਾਂ ’ਤੇ ਗਿਣਤੀ ਕੇਂਦਰ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ, ਮੁਕੇਰੀਆਂ, ਦਸੂਹਾ, ਉੜਮੁੜ, ਚੱਬੇਵਾਲ, ਭੁਲੱਥ ਅਤੇ ਫਗਵਾੜਾ ਦੀ ਗਿਣਤੀ ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਟਸ, ਹੁਸ਼ਿਆਰਪੁਰ ਵਿਖੇ ਹੋਵੇਗੀ ਜਦਕਿ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਅਤੇ ਸ਼ਾਮ ਚੁਰਾਸੀ ਦੀ ਗਿਣਤੀ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ ਵਿਖੇ ਹੋਵੇਗੀ।
ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰਾਂ ਵਿਚ ਮੀਡੀਆ ਦਾ ਦਾਖਲਾ ਭਾਰਤ ਚੋਣ ਕਮਿਸ਼ਨ ਦੇ ਅਧਿਕਾਰਤ ਅਥਾਰਟੀ ਲੈਟਰ ਨਾਲ ਹੋਵੇਗਾ ਅਤੇ ਮੀਡੀਆ ਦੀ ਸਹੂਲਤ ਲਈ ਗਿਣਤੀ ਕੇਂਦਰਾਂ ਵਿਚ ਮੀਡੀਆ ਰੂਮ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਦੇ ਹਰੇਕ ਰਾਊਂਡ ਦੇ ਨਤੀਜੇ ਮੁਹੱਈਆ ਕਰਵਾਏ ਜਾਣਗੇ ਅਤੇ ਇਹ ਨਤੀਜੇ ਚੋਣ ਕਮਿਸ਼ਨ ਦੀ ਵੈਬਸਾਈਟ ਉਪਰ ਵੀ ਉਪਲਬੱਧ ਹੋਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਕਿਸੇ ਵੀ ਗਿਣਤੀ ਕੇਂਦਰ ਅੰਦਰ ਵੀਡੀਓ ਜਾਂ ਫੋਟੋ ਖਿੱਚਣ ਲਈ ਮੋਬਾਇਲ ਦੀ ਵਰਤੋਂ ਦੀ ਮਨਾਹੀ ਹੈ ਅਤੇ ਫੋਟੋ ਅਤੇ ਵੀਡੀਓ ਕੇਵਲ ਕੈਮਰੇ ਨਾਲ ਹੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ, ਲੋਕਤੰਤਰੀ ਪ੍ਰਕਿਰਿਆ ਦਾ ਆਖਰੀ ਅਤੇ ਅਹਿਮ ਪੜਾਅ ਹੈ, ਜਿਸ ਨੂੰ ਸਭਨਾਂ ਦੇ ਸਹਿਯੋਗ ਨਾਲ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਜਾਵੇਗਾ।
ਇਸ ਦੌਰਾਨ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਗਿਣਤੀ ਕੇਂਦਰਾਂ ਦੁਆਲੇ ਤਿੰਨ ਪਰਤੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿਸ ਵਿਚ ਕੇਂਦਰੀ ਸੁਰੱਖਿਆ ਬਲ, ਪੰਜਾਬ ਆਰਮਡ ਪੁਲਿਸ ਤੇ ਜ਼ਿਲ੍ਹਾ ਪੁਲਿਸ ਦੇ ਜਵਾਨ ਤਾਇਨਾਤ ਹਨ। ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰਾਂ ਵਿਚ ਪਾਰਕਿੰਗ ਅਤੇ ਬੈਰੀਕੇਡਿੰਗ ਦੇ ਢੁਕਵੇਂ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰਾਂ ਦੁਆਲੇ ਕੋਈ ਵੀ ਅਣਚਾਹਿਆ ਇਕੱਠ ਨਹੀਂ ਕੀਤਾ ਜਾ ਸਕੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਵੀ ਗੈਰ ਸਮਾਜੀ ਅਨਸਰ ਨੂੰ ਕਾਨੂੰਨ ਆਪਣੇ ਹੱਥ ’ਚ ਨਹੀਂ ਲੈਣ ਦਿੱਤਾ ਜਾਵੇਗਾ, ਕਿਉਂਕਿ ਸਾਰੀ ਗਿਣਤੀ ਪ੍ਰਕਿਰਿਆ ਪੂਰੀ ਤਰ੍ਹਾਂ ਨਿਰਵਿਘਨ ਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।