ਜ਼ਿਲ੍ਹਾ ਮੈਜਿਸਟਰੇਟ ਨੇ 30 ਮਈ ਸ਼ਾਮ 6 ਵਜੇ ਤੋਂ 1 ਜੂਨ ਸ਼ਾਮ 6 ਵਜੇ ਤੱਕ ਡਰਾਈ ਡੇਅ ਐਲਾਨਿਆ
ਹੁਸ਼ਿਆਰਪੁਰ, 27 ਮਈ : ਜ਼ਿਲ੍ਹਾ ਮੈਜਿਸਟਰੇਟ ਕੋਮਲ ਮਿੱਤਲ ਨੇ ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ’ਤੇ ਜ਼ਿਲ੍ਹੇ ਦੀ ਹੱਦ ਅੰਦਰ 30 ਮਈ ਸ਼ਾਮ 6 ਵਜੇ ਤੋਂ 1 ਜੂਨ ਸ਼ਾਮ 6 ਵਜੇ ਤੱਕ ਅਤੇ 4 ਜੂਨ ਨੂੰ ਵੋਟਾਂ ਦੀ ਦੀ ਗਿਣਤੀ ਵਾਲੇ ਦਿਨ ਨੂੰ ਡਰਾਈ ਡੇਅ ਐਲਾਨ ਕਰਦਿਆਂ ਸ਼ਰਾਬ ਦੇ ਠੇਕੇ ਬੰਦ ਕਰਨ ਅਤੇ ਕਿਸੇ ਵੀ ਵਿਅਕਤੀ ਵੱਲੋਂ ਸ਼ਰਾਬ ਸਟੋਰ ਕਰਨ ਅਤੇ ਵੇਚਣ ’ਤੇ ਪੂਰਨ ਤੌਰ ’ਤੇ ਰੋਕ ਲਗਾਈ ਹੈ।
ਇਹ ਹੁਕਮ ਹੋਟਲ, ਰੈਸਟੋਰੈਂਟਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ’ਤੇ ਜਿਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਆਗਿਆ ਹੈ ’ਤੇ ਵੀ ਪੂਰਨ ਤੌਰ ’ਤੇ ਲਾਗੂ ਹੋਣਗੇ।
ਜ਼ਿਲ੍ਹਾ ਮੈਜਿਸਟਰੇਟ ਨੇ ਪੰਜਾਬ ਐਕਸਾਈਜ ਐਕਟ 1915 ਦੀ ਧਾਰਾ 54 ਦੇ ਅਧਿਕਾਰਾਂ ਦੀ ਵਰਤੋਂ ਕਰਦਿਆਂ 30 ਮਈ ਸ਼ਾਮ 6 ਵਜੇ ਤੋਂ 1 ਜੂਨ ਸ਼ਾਮ 6 ਵਜੇ ਤੱਕ ਅਤੇ 4 ਜੂਨ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਸ਼ਰਾਬ ਆਦਿ ਵੇਚਣ, ਸਟੋਰ ਕਰਨ ਅਤੇ ਜਨਤਕ ਥਾਵਾਂ ਭਾਵ ਹੋਟਲਾਂ, ਰੈਸਟੋਰੈਂਟਾਂ, ਕਲੱਬਾਂ ਅਤੇ ਬਾਰ ਵਿਚ ਸ਼ਰਾਬ ਵੇਚਣ, ਪਰੋਸਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।