ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਪਹਿਲੀ ਕਤਾਰ ‘ਚ ਲੜ ਰਹੇ ਅਕਾਲੀ ਦਲ ਦਾ ਸਾਥ ਦੇਣਾ ਸਮੇਂ ਦੀ ਮੁੱਖ ਲੋੜ: ਨੀਤੀ ਤਲਵਾੜ
ਹੁਸ਼ਿਆਰਪੁਰ: ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਦੇ ਹੱਕ ਵਿੱਚ ਚੋਣ ਪ੍ਰਚਾਰ ਜ਼ੋਰ ਫੜਦਾ ਜਾ ਰਿਹਾ ਹੈ ਅਤੇ ਇਸ ਮੁਹਿਮ ਵਿੱਚ ਮਹਿਲਾ ਸ਼ਕਤੀ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਚੋਣ ਪ੍ਰਚਾਰ ਦੀ ਕਮਾਨ ਸੰਭਾਲ ਲਈ ਹੈ। ਅਕਾਲੀ ਆਗੂ ਨੀਤੀ ਤਲਵਾੜ ਅਤੇ ਸ੍ਰੀ ਠੰਡਲ ਦੀ ਪਤਨੀ ਬਲਬੀਰ ਕੌਰ ਦੀ ਅਗਵਾਈ ਹੇਠ ਮਹਿਲਾ ਸ਼ਕਤੀ ਨੇ ਸੈਸ਼ਨ ਚੌਕ ਤੋਂ ਘੰਟਾਘਰ ਚੌਕ ਤੱਕ ਚੋਣ ਪ੍ਰਚਾਰ ਕੀਤਾ ਅਤੇ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਅਕਾਲੀ ਦਲ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ ਸੋਹਣ ਸਿੰਘ ਠੰਡਲ ਨੂੰ ਜੇਤੂ ਬਣਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਨੀਤੀ ਤਲਵਾੜ ਨੇ ਕਿਹਾ ਕਿ ਅਕਾਲੀ ਦਲ ਹੀ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੱਤਾ ਦੇ ਸੁੱਖ ਦਾ ਤਿਆਗ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਅਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਕਿਸੇ ਨੇ ਪੰਜਾਬ ਦੇ ਹਿੱਤਾਂ ਦਾ ਘਾਣ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਸਮੇਂ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਅਕਾਲੀ ਦਲ ਨੇ ਅੱਗੇ ਆ ਕੇ ਆਪਣੀ ਭੂਮਿਕਾ ਨਿਭਾਈ ਹੈ ਅਤੇ ਪੰਜਾਬ ਤੇ ਪੰਜਾਬੀਆਂ ਦੀ ਭਲਾਈ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਇੱਕ ਵਾਰ ਫਿਰ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਪਹਿਲੀ ਕਤਾਰ ਵਿੱਚ ਲੜ ਰਹੇ ਅਕਾਲੀ ਦਲ ਦਾ ਸਮਰਥਨ ਕੀਤਾ ਜਾਵੇ ਅਤੇ ਅਕਾਲੀ ਉਮੀਦਵਾਰਾਂ ਨੂੰ ਜਿਤਾ ਕੇ ਸੰਸਦ ਵਿੱਚ ਭੇਜਿਆ ਜਾਵੇ ਤਾਂ ਜੋ ਉਹ ਸੰਸਦ ਵਿਚ ਪੰਜਾਬ ਦੀ ਬੁਲੰਦ ਆਵਾਜ਼ ਨੂੰ ਉਠਾ ਸਕਣ।
ਇਸ ਦੌਰਾਨ ਮਹਿਲਾ ਸ਼ਕਤੀ ਵੱਲੋਂ ਚਲਾਈ ਜਾ ਰਹੀ ਚੋਣ ਮੁਹਿੰਮ ਨੂੰ ਸ਼ਹਿਰ ਵਾਸੀਆਂ ਨੇ ਭਰਵਾਂ ਸਹਿਯੋਗ ਦਿੱਤਾ। ਇਸ ਮੌਕੇ ਤੇ ਬਲਬੀਰ ਕੌਰ ਨੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹਲਕਾ ਚੱਬੇਵਾਲ ਤੋਂ ‘ਆਪ’ ‘ਚ ਸ਼ਾਮਲ ਹੋਏ ਕਾਂਗਰਸ ਦੇ ਵਿਧਾਇਕ ਡਾ: ਰਾਜ ਕੁਮਾਰ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਤੋਂ ਇਲਾਵਾ ਭਾਜਪਾ ਦੇ ਸਾਂਸਦ ਸੋਮ ਪ੍ਰਕਾਸ਼ ਨੇ ਵੀ ਹੁਸ਼ਿਆਰਪੁਰ ਲਈ ਕੋਈ ਠੋਸ ਯੋਜਨਾ ‘ਤੇ ਕੰਮ ਨਹੀਂ ਕੀਤਾ, ਜਿਸ ਕਾਰਨ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।
ਇਸ ਤੋਂ ਇਲਾਵਾ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਇਸ ਦੀ ਸਥਿਤੀ ਵੀ ਕਿਸੇ ਤੋਂ ਛੁਪੀ ਹੋਈ ਨਹੀਂ ਹੈ। ‘ਆਪ’ ਅਤੇ ਕਾਂਗਰਸ ਦਿੱਲੀ ‘ਚ ਇਕਜੁੱਟ ਹਨ ਅਤੇ ਪੰਜਾਬ ‘ਚ ਵੱਖ-ਵੱਖ ਹੋਣ ਦਾ ਢੌਂਗ ਕਰ ਰਹੀਆਂ ਹਨ, ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਉਹ ਸੱਤਾ ਦੇ ਕਿੰਨੇ ਭੁੱਖੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਹਿੱਤ ਨੂੰ ਧਿਆਨ ਵਿਚ ਰਖਦੇ ਹੋਏ ਪੂਰੀ ਸਿਆਣਪ ਤੇ ਸੂਝ-ਬੂਝ ਨਾਲ ਕੰਮ ਕਰਦੇ ਹੋਏ ਅਕਾਲੀ ਦਲ ਦਾ ਸਾਥ ਦੇਣ।