ਖ਼ਰਚਾ ਅਬਜ਼ਰਵਰ ਵੱਲੋਂ ਚੋਣਾਂ ਨਾਲ ਸਬੰਧਤ ਵੱਖ-ਵੱਖ ਸੈੱਲਾਂ ਦਾ ਜਾਇਜ਼ਾ
ਹੁਸ਼ਿਆਰਪੁਰ, 7 ਮਈ : ਅਗਾਮੀ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਭਾਰਤ ਚੋਣ ਕਮਿਸ਼ਨ ਵੱਲੋਂ ਹੁਸ਼ਿਆਰਪੁਰ ਹਲਕੇ ਲਈ ਤਾਇਨਾਤ ਕੀਤੇ ਖ਼ਰਚਾ ਅਬਜ਼ਰਵਰ ਪਵਨ ਕੁਮਾਰ ਖੇਤਾਨ ਅੱਜ ਹੁਸ਼ਿਆਰਪੁਰ ਪਹੁੰਚ ਗਏ। ਇਸ ਦੌਰਾਨ ਉਨ੍ਹਾਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਸਮੇਤ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਲੋਕ ਸਭਾ ਚੋਣਾਂ ਸਬੰਧੀ ਬਣਾਏ ਗਏ ਵੱਖ-ਵੱਖ ਸੈੱਲਾਂ ਦਾ ਦੌਰਾ ਕੀਤਾ।
ਇਸ ਦੌਰਾਨ ਉਨ੍ਹਾਂ ਚੋਣਾਂ ਸਬੰਧੀ ਕੰਟਰੋਲ ਰੂਮ, ਚੋਣ ਖ਼ਰਚਾ ਮੋਨੀਟਰਿੰਗ ਸੈੱਲ, ਨਾਮਜ਼ਦਗੀ ਸੈਂਟਰ, ਮੀਡੀਆ ਮੋਨੀਟਰਿੰਗ ਸੈੱਲ ਅਤੇ ਵੈੱਬ ਕਾਸਟਿੰਗ ਸੈੱਲ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਖ਼ਰਚਾ ਅਬਜ਼ਰਵਰ ਪਵਨ ਕੁਮਾਰ ਖੇਤਾਨ 2008 ਬੈਚ ਦੇ ਸੀਨੀਅਰ ਆਈ. ਆਰ. ਐਸ ਅਫ਼ਸਰ ਹਨ ਅਤੇ ਮਹਾਰਾਸ਼ਟਰ ਵਿਚ ਕਸਟਮ ਤੇ ਜੀ. ਐਸ. ਟੀ ਵਿਭਾਗ ਵਿਚ ਤਾਇਨਾਤ ਹਨ।
ਇਸ ਮੌਕੇ ਤਹਿਸੀਲਦਾਰ ਚੋਣਾਂ ਸਰਬਜੀਤ ਸਿੰਘ, ਚੋਣ ਕਾਨੂੰਗੋ ਦੀਪਕ ਕੁਮਾਰ, ਜ਼ਿਲ੍ਹਾ ਸਿਸਟਮ ਮੈਨੇਜਰ ਚਰਨ ਕਮਲ ਸਿੰਘ, ਮੰਗੇਸ਼ ਸੂਦ, ਅਦਿੱਤਿਆ ਰਾਣਾ ਤੇ ਹੋਰ ਅਧਿਕਾਰੀ ਹਾਜ਼ਰ ਸਨ।