‘ਸਵੀਪ’ ਤਹਿਤ ਮਹਿਲਾ ਵੋਟਰਾਂ ਨੂੰ ਵੋਟ ਦੀ ਮਹੱਤਤਾ ਸਬੰਧੀ ਕੀਤਾ ਜਾਗਰੂਕ
ਮੁਕੇਰੀਆਂ/ਹੁਸ਼ਿਆਰਪੁਰ, 19 ਅਪ੍ਰੈਲ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਪ ਮੰਡਲ ਮਜਿਸਟਰੇਟ ਮੁਕੇਰੀਆਂ ਅਸ਼ੋਕ ਕੁਮਾਰ ਦੀ ਯੋਗ ਅਗਵਾਈ ਹੇਠ ਬਾਲ ਵਿਕਾਸ ਪ੍ਰੋਜੈਕਟ ਅਫਸਰ ਮੁਕੇਰੀਆਂ ਮੰਜੂ ਬਾਲਾ ਵੱਲੋਂ ਸਵੀਪ ਗਤੀਵਿਧੀਆਂ ਤਹਿਤ ਇੰਡੀਅਨ ਸੁਕਰੋਜ ਲਿਮਟਿਡ ਸ਼ੂਗਰ ਮਿੱਲ ਮੁਕੇਰੀਆਂ ਅਤੇ ਮਾਤਾ ਵਿੱਦਿਆਵਤੀ ਆਈ.ਟੀ ਕਾਲਜ ਮੁਕੇਰੀਆਂ ਵਿਖੇ ਮਹਿਲਾ ਵੋਟਰਾਂ ਨੂੰ ਹਰ ਹਾਲਤ ਵਿਚ ਵੋਟ ਪਾਉਣ ਲਈ ਸਹੁੰ ਚੁਕਾਉਣ ਸਬੰਧੀ ਬਲਾਕ ਪੱਧਰੀ ਸਮਾਰੋਹ ਕੀਤੇ ਗਏ।
ਇਸ ਦੌਰਾਨ ਸਵੀਪ ਨੋਡਲ ਅਫਸਰ ਮੁਕੇਰੀਆਂ ਮਨਦੀਪ ਸਿੰਘ, ਜਸਵਿੰਦਰ ਸਿੰਘ ਲੈਕਚਰਾਰ, ਵੇਦ ਪ੍ਰਕਾਸ਼ ਗੁਪਤਾ ਵਾਈਸ ਪ੍ਰੈਜ਼ੀਡੈਂਟ ਸ਼ੂਗਰ ਮਿੱਲ, ਪ੍ਰਿੰਸੀਪਲ ਆਈ.ਟੀ ਕਾਲਜ ਮੁਕੇਰੀਆਂ ਸਤਨਾਮ ਸਿੰਘ, ਸੁਪਰਵਾਈਜ਼ਰ ਸਟਾਫ ਅਤੇ ਵੱਡੀ ਗਿਣਤੀ ਵਿਚ ਔਰਤਾਂ ਅਤੇ ਕਿਸ਼ੋਰ ਲੜਕੀਆਂ ਸ਼ਾਮਿਲ ਹੋਈਆਂ। ਬਾਲ ਵਿਕਾਸ ਪ੍ਰੋਜੈਕਟ ਅਫਸਰ ਮੁਕੇਰੀਆਂ ਮੰਜੂ ਬਾਲਾ ਨੇ ਸ਼ੂਗਰ ਮਿੱਲ ਵਿਚ ਕੰਮ ਕਰਦੀਆਂ ਔਰਤਾਂ ਨੂੰ ਅਤੇ ਕਾਲਜ ਦੀਆਂ ਕਿਸ਼ੋਰ ਲੜਕੀਆਂ ਨੂੰ 1 ਜੂਨ 2024 ਨੂੰ ਹਰ ਹਾਲਤ ਵਿਚ ਆਪਣੀ ਵੋਟ ਪਾਉਣ ਲਈ ਸਹੁੰ ਚੁਕਾਈ ਗਈ।
ਸਵੀਪ ਨੋਡਲ ਅਫਸਰ ਮੁਕੇਰੀਆਂ ਮਨਦੀਪ ਸਿੰਘ ਨੇ ਔਰਤਾਂ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ, ਤਾਂ ਜੋ ਲੋਕਤੰਤਰ ਨੂੰ ਮਜ਼ਬੂਤ ਕਰਦੇ ਹੋਏ ਸਹੀ ਨੁਮਾਇੰਦੇ ਚੁਣ ਕੇ ਔਰਤਾਂ ਆਪਣੀ ਸਮਾਜਿਕ ਸੁਰੱਖਿਆ, ਪੜ੍ਹਾਈ ਅਤੇ ਬਰਾਬਰਤਾ ਦਾ ਹੱਕ ਪ੍ਰਾਪਤ ਕਰਨ ਲਈ ਆਪਣੀ ਆਵਾਜ਼ ਉੱਪਰ ਤੱਕ ਪਹੁੰਚਾ ਸਕਣ।
ਬਾਲ ਵਿਕਾਸ ਪ੍ਰੋਜੈਕਟ ਅਫਸਰ ਮੰਜੂ ਬਾਲਾ ਵੱਲੋਂ ਪਹਿਲੀ ਵਾਰ ਵੋਟਰ ਬਣੀਆਂ ਕਿਸ਼ੋਰ ਲੜਕੀਆਂ ਨਾਲ ਸੈਲਫੀ ਲਈ ਗਈ। ਇਸ ਤੋਂ ਇਲਾਵਾ ਬਲਾਕ ਮੁਕੇਰੀਆਂ ਦੇ ਸਾਰੇ ਆਂਗਣਵਾੜੀ ਸੈਂਟਰਾਂ ਵਿਚ ਆਂਗਣਵਾੜੀ ਵਰਕਰਾਂ ਵੱਲੋਂ ਮਹਿਲਾ ਵੋਟਰਾਂ ਨੂੰ ਸਹੁੰ ਚੁਕਾਈ ਗਈ ਅਤੇ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ।