ਯੂਪੀਐਸਸੀ ਪ੍ਰੀਖਿਆ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ ਲਈ ਕਰਵਾਇਆ ਆਨਲਾਈਨ ਸੈਮੀਨਾਰ
ਹੁਸ਼ਿਆਰਪੁਰ, 18 ਅਪ੍ਰੈਲ: ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਚਲਾਈ ਜਾ ਰਹੀ ਡਿਜੀਟਲ ਲਾਇਬ੍ਰੇਰੀ ਵਿਖੇ ਵਿਦਿਆਰਥੀਆਂ ਦੀ ਸਹੂਲਤ ਅਤੇ ਉਨ੍ਹਾਂ ਦੇ ਮਾਰਗ ਦਰਸ਼ਨ ਲਈ ਕਰਵਾਏ ਜਾਂਦੇ ਸੈਮੀਨਾਰਾਂ ਦੀ ਲੜੀ ਤਹਿਤ ਯੂ.ਪੀ.ਐਸ.ਸੀ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਇਕ ਆਨਲਾਈਨ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਵੱਖ-ਵੱਖ ਕਾਲਜਾਂ, ਜਿਵੇਂ ਕਿ ਸਰਕਾਰੀ ਕਾਲਜ ਹੁਸ਼ਿਆਰਪੁਰ, ਡੀ.ਏ.ਵੀ ਕਾਲਜ ਹੁਸ਼ਿਆਰਪੁਰ, ਐਸ.ਡੀ ਕਾਲਜ ਹੁਸ਼ਿਆਰਪੁਰ ਆਦਿ, ਦੇ 100 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕੇੇ ਸਹਾਇਕ ਕਮਿਸ਼ਨਰ ਦਿਵਿਆ ਪੀ, ਆਈ. ਏ.ਐਸ. ਅਤੇ ਡੀ.ਡੀ.ਐਫ ਜੋਇਆ ਸਿੱਦੀਕੀ ਨੇ ਵਿਸ਼ੇਸ਼ ਤੌਰ ’ਤੇ ਸ਼ਿਕਰਤ ਕੀਤੀ ਅਤੇ ਵਿਦਿਆਰਥੀਆਂ ਨੂੰ ਇਸ ਪ੍ਰੀਖਿਆ ਦੀ ਤਿਆਰੀ ਲਈ ਪ੍ਰੇਰਿਤ ਕੀਤਾ। ਮੋਟੀਵੇਸ਼ਨਲ ਸਪੀਕਰ ਅਤੇ ਰਾਜਨੀਤੀ ਸ਼ਾਸਤਰ ਦੇ ਮਾਹਿਰ ਸ਼ੁਭਰਾ ਰੰਜਨ ਵੱਲੋਂ ਇਸ ਆਨਲਾਈਨ ਸੈਮੀਨਾਰ ਨੂੰ ਸੰਬੋਧਿਤ ਕੀਤਾ ਗਿਆ, ਜਿਸ ਵਿਚ ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਯੂ.ਪੀ.ਐਸ.ਈ. ਪ੍ਰੀਖਿਆ ਦੀ ਤਿਆਰੀ ਸਬੰਧੀ ਖਾਸ ਨੁਕਤੇ ਦੱਸੇ ਗਏ।
ਹੁਸ਼ਿਆਰਪੁਰ ਇੰਸਟੀਚਿਊਟ ਆਫ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲਜ਼ ਦੇ ਪ੍ਰਿੰਸੀਪਲ ਮੰਗੇਸ਼ ਸੂਦ ਨੇ ਇਸ ਮੌਕੇ ਦੱਸਿਆ ਕਿ ਮਾਰਚ 2023 ਤੋਂ ਚਲਾਈ ਜਾ ਰਹੀ ਇਸ ਡਿਜੀਟਲ ਲਾਇਬ੍ਰੇਰੀ ਵਿਚ ਹਰ ਤਰ੍ਹਾਂ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਆਫਲਾਈਨ ਅਤੇ ਆਨਲਾਈਨ ਕਿਤਾਬਾਂ ਅਤੇ ਸਟੱਡੀ ਸੁਵਿਧਾਵਾਂ ਉਪਲਬੱਧ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿਚ ਲੱਗਭਗ 600 ਦੇ ਕਰੀਬ ਵਿਦਿਆਰਥੀ ਇਸ ਲਾਈਬ੍ਰੇਰੀ ਦਾ ਭਰਪੂਰ ਲਾਭ ਲੈ ਰਹੇ ਹਨ। ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸੰਦੀਪ ਕੁਮਾਰ, ਕਾਊਂਸਲਰ ਅਦਿੱਤਿਆ ਰਾਣਾ, ਲਾਇਬ੍ਰੇਰੀਅਨ ਵਿਜੇ ਕੁਮਾਰ ਅਤੇ ਹੋਰ ਮੌਜੂਦ ਸਨ।