ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਤੇ ਬਾਲ ਭਲਾਈ ਕਮੇਟੀ ਦੇ ਕੰਮਕਾਜ਼ ਦਾ ਲਿਆ ਜਾਇਜ਼ਾ
ਹੁਸ਼ਿਆਰਪੁਰ, 16 ਅਪ੍ਰੈਲ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਪ੍ਰਧਾਨਗੀ ਵਿਚ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਚ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਹੁਸ਼ਿਆਰਪੁਰ ਅਤੇ ਬਾਲ ਭਲਾਈ ਕਮੇਟੀ ਹੁਸ਼ਿਆਰਪੁਰ ਦੇ ਕੰਮਕਾਜ਼ ਸਬੰਧੀ ਤਿਮਾਹੀ ਸਮੀਖਿਆ ਮੀਟਿੰਗ ਕੀਤੀ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿਚ ਜੇਕਰ ਕਿਸੇ ਵੀ ਅਨਾਥ, ਬੇਸਹਾਰਾ ਬੱਚੇ ਨੂੰ ਸੁਰੱਖਿਆ ਅਤੇ ਸੰਭਾਲ ਦੀ ਲੋੜ ਹੈ ਤਾਂ ਸਿੱਧਾ ਬਾਲ ਭਲਾਈ ਕਮੇਟੀ ਨਾਲ ਫੋਨ ਨੰਬਰ 01882-291839 ਜਾਂ ਚਾਈਲਡ ਹੈਲਪਲਾਈਨ ਨੰਬਰ 1098 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਨੇ ਜ਼ਿਲ੍ਹਾ ਬਾਲ ਭਲਾਈ ਅਤੇ ਸੁਰੱਖਿਆ ਕਮੇਟੀ ਦੇ ਹਿੱਸੇਦਾਰਾਂ ਬਾਰੇ ਵਿਸਥਾਰਪੂਰਵਕ ਦੱਸਿਆ। ਮੀਟਿੰਗ ਵਿਚ ਬੱਚਿਆਂ ਦੀ ਸੰਭਾਲ ਲਈ ਬਣੇ ਸਰਕਾਰੀ ਹੋਮਜ਼, ਬਾਲ ਭਲਾਈ ਕਮੇਟੀ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਕੰਮਾਂ ’ਤੇ ਚਰਚਾ ਕੀਤੀ ਗਈ।
ਹਰਪ੍ਰੀਤ ਕੌਰ ਨੇ ਸੁਰੱਖਿਆ ਅਤੇ ਸੰਭਾਲ ਲਈ ਜ਼ਰੂਰੀ ਬੱਚੇ, ਜਿਵੇਂ ਅਨਾਥ, ਬੇਸਹਾਰਾ, ਗੁੰਮਸ਼ੁਦਾ ਹਾਲਤ ਵਿਚ ਮਿਲੇ ਬੱਚੇ, ਬਾਲ ਵਿਆਹ, ਜਿਨਸੀ ਸ਼ੋਸ਼ਣ ਤੋਂ ਪੀੜਤ ਬੱਚਿਆਂ ਦੇ ਕੇਸਾਂ ਦੇ ਨਿਪਟਾਰੇ ਸਬੰਧੀ ਬਾਲ ਭਲਾਈ ਕਮੇਟੀ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਕੀਤੀ ਗਈ ਕਾਰਵਾਈ ਸਬੰਧੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਪਿੰਡ ਪੱਧਰੀ ਬਾਲ ਸੁਰੱਖਿਆ ਕਮੇਟੀਆਂ ਅਤੇ ਬਲਾਕ ਪੱਧਰੀ ਬਾਲ ਸੁਰੱਖਿਆ ਕਮੇਟੀਆਂ ਦੀ ਕਾਰਗੁਜ਼ਾਰੀ ਸਬੰਧੀ ਵਿਚਾਰ-ਚਰਚਾ ਕੀਤੀ ਗਈ। ਇਸ ਦੌਰਾਨ ਸਮੂਹ ਸੁਪਰਡੈਂਟ ਹੋਮਜ਼ ਵੱਲੋਂ ਹੋਮਜ਼ ਵਿਚ ਰਹਿ ਰਹੇ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦੀ ਜਾਣਕਾਰੀ ਦਿੱਤੀ ਗਈ।
ਮੀਟਿੰਗ ਵਿਚ ਬਾਲ ਭਲਾਈ ਕਮੇਟੀ ਦੀ ਚੇਅਰਪਰਸਨ ਹਰਜੀਤ ਕੌਰ, ਮੈਂਬਰ ਜੁਵੇਨਾਈਲ ਜਸਟਿਸ ਬੋਰਡ ਰੋਹਿਤ ਸ਼ਰਮਾ, ਕੌਸ਼ਲ ਵਿਕਾਸ ਪ੍ਰੋਜੈਕਟ ਅਫ਼ਸਰ ਮੋਹਿੰਦਰ ਸਿੰਘ ਰਾਣਾ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਜਸਵਿੰਦਰ ਸਿੰਘ, ਨਗਰ ਨਿਗਮ ਤੋਂ ਕੁਲਵਿੰਦਰ ਸਿੰਘ, ਕਾਰਮੇਲਾਈਟ ਸੋਸ਼ਲ ਸਰਵਿਸਜ਼ ਹੁਸ਼ਿਆਰਪੁਰ ਤੋਂ ਨਿਰਮਲਾ ਦੇਵੀ, ਡੀ.ਈ.ਓ (ਅ) ਦਫ਼ਤਰ ਤੋਂ ਵੋਕੇਸ਼ਨਲ ਕੋਆਰਡੀਨੇਟਰ ਅਮਰੀਕ ਸਿੰਘ, ਮੈਡੀਕਲ ਅਫ਼ਸਰ ਡਾ. ਰਜਿੰਦਰ ਪਾਲ, ਸਮੂਹ ਸੁਪਰਡੈਂਟ, ਲੇਬਰ ਇੰਸਪੈਕਟਰ, ਬਾਲ ਸੁਰੱਖਿਆ ਵਿਭਾਗ ਅਤੇ ਵਨ ਸਟਾਪ ਸੈਂਟਰ ਹੁਸ਼ਿਆਰਪੁਰ ਦਾ ਸਮੂਹ ਸਟਾਫ ਮੌਜੂਦ ਸੀ।