ਜ਼ਿਲ੍ਹਾ ਪ੍ਰਸ਼ਾਸਨ ਨੇ ‘ਲੋਕਤੰਤਰ ਦੀ ਜਾਗੋ’ ਕੱਢ ਕੇ ਵੋਟਰਾਂ ਨੂੰ ਵੋਟ ਪਾਉਣ ਦਾ ਦਿੱਤਾ ਸੱਦਾ
ਗੜ੍ਹਦੀਵਾਲਾ/ ਹੁਸ਼ਿਆਰਪੁਰ, 11 ਅਪ੍ਰੈਲ: ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ -ਕਮ-ਜਿਲਾ ਚੋਣ ਅਫ਼ਸਰ ਹੁਸਿਆਰਪੁਰ ਕੋਮਲ ਮਿੱਤਲ ਦੀ ਯੋਗ ਅਗਵਾਈ ਹੇਠ ਲੋਕਾਂ ਨੂੰ ਵੋਟ ਪਾਉਣ ਅਤੇ ਵੋਟ ਬਣਾਉਣ ਸਬੰਧੀ ਜਾਗਰੂਕ ਕਰਨ ਦੇ ਲਈ ਜ਼ਿਲ੍ਹੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਚਲਾਏ ਜਾ ਰਹੇ ਹਨ। ਇਸੇ ਲੜੀ ਤਹਿਤ ਪਿੰਡ ਰੂਪੋਵਾਲ ਹਲਕਾ ਉੜਮੁੜ ਵਿੱਚ ਇੱਕ ਨਿਵੇਕਲੀ ਪਹਿਲ ਕੀਤੀ ਗਈ, ਜਿਸ ਅਧੀਨ ਪਿੰਡ ਵਿੱਚ ‘ਲੋਕਤੰਤਰ ਦੀ ਜਾਗੋ’ ਕੱਢੀ ਗਈ। ਪਿੰਡ ਦੀ ਸੱਥ ਵਿੱਚ ਬਹੁਤ ਵੱਡਾ ਤੇ ਪੁਰਾਣਾ ਬੋਹੜ ਦਾ ਦਰਖ਼ਤ ਹੈ ਅਤੇ ਉਸ ਦੇ ਆਲੇ ਬਣੇ ਵੱਡੇ ਥੜੇ ਦੇ ਆਸ ਪਾਸ ਪਿੰਡ ਦੇ ਲੋਕਾਂ ਦਾ ਇਕੱਠ ਕੀਤਾ ਗਿਆ।
ਇਸ ਦੌਰਾਨ ਪਿੰਡ ਦੇ ਤਕਰੀਬਨ 500 ਲੋਕ ਇਕੱਤਰ ਹੋਏ। ਇਸ ਜਾਗੋ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਐਸ.ਡੀ.ਐਮ ਟਾਂਡਾ ਵਿੳਮ ਭਾਰਦਵਾਜ ਨੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦੀ ਰੂਪ-ਰੇਖਾ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ ਵਲੋਂ ਉਲੀਕੀ ਗਈ, ਉਹਨਾਂ ਦਾ ਸਾਥ ਉਹਨਾਂ ਦੇ ਸਹਾਇਕ ਨੋਡਲ ਅਫ਼ਸਰ ਅਕੁੰਰ ਸ਼ਰਮਾ ਵਲੋਂ ਦਿੱਤਾ ਗਿਆ।
ਇਸ ਦੌਰਾਨ ਸਰਕਾਰੀ ਸੀਨੀਅਰ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੀ ਵਿਦਿਆਰਥਣਾਂ ਵਲੋਂ ਸਹਾਇਕ ਨੋਡਲ ਅਫ਼ਸਰ ਉੜਮੁੜ ਡਾ. ਕੁਲਦੀਪ ਸਿੰਘ ਮਿਨਹਾਸ ਜੀ ਅਗਵਾਈ ਵਿੱਚ ਇਕ ਨਿਵੇਕਲੇ ਢੰਗ ਨਾਲ ਵੋਟਰਾਂ ਨੂੰ ਵੋਟਾਂ ਲਈ ਜਾਗਰੂਕ ਕਰਨ ਲਈ ਪਹਿਲਾ ਸਵੀਪ ਗਿੱਧਾ ਪੇਸ਼ ਕੀਤਾ ਗਿਆ, ਜਿਸ ਦੀਆਂ ਸਾਰੀਆਂ ਬੋਲੀਆਂ ਵੋਟਰ ਜਾਗਰੁਕਤਾ ਨਾਲ ਸੰਬਧਤ ਸਨ। ਇਸ ਤੋਂ ਬਾਅਦ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਢੋਲ ਦੀ ਥਾਪ ਤੇ ਜਾਗੋ ਕੱਢੀ ਗਈ, ਜਿਸ ਦੀ ਅਗਵਾਈ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ।
ਡਿਪਟੀ ਕਮਿਸ਼ਨਰ-ਕਮ- ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਇਸ ਨਿਵੇਕਲੀ ਪਹਿਲ ਕਦਮੀ ਲਈ ਸਕੂਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜਿਵੇਂ ਇੱਕ ਵਿਆਹ ਵਿੱਚ ਸਾਰੇ ਪਿੰਡ ਵਾਸੀਆਂ ਨੂੰ ਸੱਦਾ ਦੇ ਕੇ ਬੁਲਾਇਆ ਜਾਂਦਾ ਹੈ ਅਤੇ ਫਿਰ ਸਾਰੀਆਂ ਦੇ ਨਾਲ ਮਿਲਕੇ ਪਿੰਡ ਵਿੱਚ ਖੁਸ਼ੀ ਮਨਾਈ ਜਾਂਦੀ ਹੈ। ਉਸੇ ਤਰਾਂ ਵੋਟਾਂ ਵੀ ਇੱਕ ਮਹਾ ਉਤਸਵ ਹੈ, ਜਿਸ ਵਿੱਚ ਅਸੀਂ ਸਾਰੇ ਇੱਕਠੇ ਹੋਕੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਦੇ ਹਾਂ।
ਉਨ੍ਹਾਂ ਲੋਕਤੰਤਰ ਦੇ ਸਭ ਤੋਂ ਵੱਡੇ ਤਿਓਹਾਰ ‘ਤੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਤੇ ਜਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ ਅਤੇ ਸਹਾਇਕ ਨੋਡਲ ਅਫ਼ਸਰ ਅੰਕੁਰ ਸ਼ਰਮਾ ਨੇ ਵੀ ਆਪਣੀਆਂ ਜੁਗਤਾ ਰਾਹੀਂ ਵਿਦਿਆਰਥੀਆਂ ਨਾਲ ਰੰਗ ਬੰਨਿਆ ਪਿੰਡ ਵਾਸੀਆਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ। ਇਸ ਮੌਕੇ ਸਵੀਪ ਆਈਕੋਨ ਡਾ. ਕੇਵਲ, ਦਕਸ਼ ਸੋਹਲ ਸਵੀਪ ਨੋਡਲ ਅਫ਼ਸਰ ਉੜਮੁੜ , ਡਾ ਹਰਦੀਪ ਸਿੰਘ ਮਿਨਹਾਸ ਸੁਪਰਵਾਈਜਰ, ਬੀ.ਐਲ.ਓ ਜਸਵੀਰ ਸਿੰਘ ਬੋਦਲ, ਜਗਦੀਪ ਸਿੰਘ, ਰਾਜਿੰਦਰ ਸਿੰਘ, ਹਰਤੇਜ ਕੌਰ, ਰਜਨੀ ਬਾਲਾ, ਰਣਜੀਤ ਕੌਰ, ਇੰਦਰਜੀਤ ਸਿੰਘ ਅਤੇ ਪਿੰਡ ਵਾਸੀ ਹਾਜ਼ਿਰ ਸਨ।