ਬੱਚਿਆਂ ਵਿਚ 31 ਜਮਾਂਦਰੂ ਨੁਕਸ ਹੋਣ ਤੇ ਆਰ.ਬੀ.ਐਸ.ਕੇ ਤਹਿਤ ਕੀਤਾ ਜਾਂਦਾ ਹੈ ਮੁਫ਼ਤ ਇਲਾਜ: ਡਾ ਸੀਮਾ ਗਰਗ
ਹੁਸ਼ਿਆਰਪੁਰ 27 ਮਾਰਚ 2024: ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਡਮਾਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲ੍ਹਾ ਟੀਕਾਕਰਨ ਅਫਸਰ ਡਾ ਸੀਮਾ ਗਰਗ ਵੱਲੋਂ ਆਰਬੀਐਸਕੇ ਤਹਿਤ ਬੱਚਿਆਂ ਵਿਚ ਜਮਾਂਦਰੂ ਨੁਕਸਾਂ ਦੀ ਮੁੱਢਲੀ ਅਵਸਥਾ ਵਿੱਚ ਪਛਾਣ, ਰੋਕਥਾਮ ਅਤੇ ਇਲਾਜ ਪ੍ਰਬੰਧਨ ਬਾਰੇ ਬਲਾਕਾਂ ਦੇ ਮੈਡੀਕਲ ਅਫ਼ਸਰਾਂ ਅਤੇ ਡਲਿਵਰੀ ਪੁਆਇੰਟ ਤੇ ਕੰਮ ਕਰਦੀਆਂ ਸਟਾਫ ਨਰਸਾਂ ਨੂੰ ਟ੍ਰੇਨਿੰਗ ਦੌਰਾਨ ਜਾਗਰੂਕ ਕੀਤਾ ਗਿਆ।
ਜਮਾਂਦਰੂ ਨੁਕਸਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਡਾ ਸੀਮਾ ਗਰਗ ਨੇ ਦੱਸਿਆ ਕਿ ਬੱਚਿਆਂ ਦੇ ਜਮਾਂਦਰੂ ਨੁਕਸਾਂ ਵਿੱਚ ਰੀੜ੍ਹ ਦੀ ਹੱਡੀ ਵਿੱਚ ਸੋਜ, ਡਾਊਨ ਸਿੰਡ੍ਰੋਮ, ਕੱਟਿਆ ਬੁੱਲ੍ਹ ਅਤੇ ਕੱਟਿਆ ਤਾਲੂ, ਟੇਢੇ ਪੈਰ, ਚੂਲੇ ਦਾ ਠੀਕ ਤਰ੍ਹਾਂ ਵਿਕਸਿਤ ਨਾ ਹੋਣਾ, ਜਮਾਂਦਰੂ ਬੋਲਾਪਣ, ਜਮਾਂਦਰੂ ਦਿਲ ਦੀਆਂ ਬਿਮਾਰੀਆਂ, ਜਮਾਂਦਰੂ ਚਿੱਟਾ ਮੋਤੀਆ ਅਤੇ ਸਮੇਂ ਤੋਂ ਪਹਿਲੇ ਜਨਮੇ ਬੱਚਿਆਂ ਵਿੱਚ ਅੱਖਾਂ ਦੇ ਪਰਦੇ ਆਦਿ ਨੁਕਸ ਸ਼ਾਮਲ ਹਨ। ਬੱਚਿਆਂ ਵਿਚ ਅਜਿਹੇ 31 ਜਮਾਂਦਰੂ ਨੁਕਸ ਹੋਣ ‘ਤੇ ਸਰਕਾਰੀ ਤੌਰ ਰਾਸ਼ਟਰੀ ਬਾਲ ਸਵਾਸਥ ਕਾਰਿਆਕਰਮ (ਆਰਬੀਐਸਕੇ) ਤਹਿਤ ਇਲਾਜ਼ ਉੱਚ ਸਿਹਤ ਸੰਸਥਾਵਾਂ ਤੋੰ ਮੁਫਤ ਕਰਵਾਇਆ ਜਾਂਦਾ ਹੈ।
ਡਾ ਗਰਗ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਗਰਭਵਤੀ ਦੀ ਹਿਸਟਰੀ ਐਲਕੋਹਲ ਲੈਣ, ਸਮੋਕਿੰਗ ਕਰਨ ਦੀ ਹੋਵੇ ਜਾਂ ਮਾਂ ਨੂੰ ਡਾਇਬਟੀਜ਼ ਦੀ ਬਿਮਾਰੀ ਹੋਵੇ ਜਾਂ ਮੋਟਾਪਾ ਹੋਵੇ ਤਾਂ ਜਨਮ ਲੈਣ ਵਾਲ਼ੇ ਬੱਚਿਆਂ ਵਿਚ ਅਜਿਹੇ ਜਮਾਂਦਰੂ ਨੁਕਸ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਉਨ੍ਹਾਂ ਟ੍ਰੇਨਿੰਗ ਦੌਰਾਨ ਸ਼ਾਮਲ ਮੈਡੀਕਲ ਅਫ਼ਸਰਾਂ ਅਤੇ ਸਟਾਫ ਨਰਸਾਂ ਨੂੰ ਸਿਹਤ ਸੰਸਥਾਵਾਂ ਵਿੱਚ ਹਰ ਡਿਲੀਵਰੀ ਪੁਆਇੰਟ ‘ਤੇ ਨਵਜੰਮੇ ਬੱਚਿਆਂ ਦੇ 9 ਜਮਾਂਦਰੂ ਨੁਕਸਾਂ ਦੀ ਜਾਂਚ ਕੀਤੇ ਜਾਣ ਬਾਰੇ ਕਿਹਾ ਤਾਂ ਜੋ ਮੁੱਢਲੇ ਤੌਰ ਤੇ ਹੀ ਨੁਕਸ ਦੀ ਪਹਿਚਾਣ ਕਰਕੇ ਉਸਦਾ ਸਮੇਂ ਸਿਰ ਇਲਾਜ ਪ੍ਰਬੰਧਨ ਕੀਤਾ ਜਾ ਸਕੇ।
ਡਾ ਸੀਮਾ ਗਰਗ ਨੇ ਇਹ ਵੀ ਦੱਸਿਆ ਕਿ ਆਂਗਨਵਾੜੀ ਕੇਂਦਰਾਂ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਰਜਿਸਟਰਡ ਜਨਮ ਤੋਂ ਲੈ ਕੇ 18 ਸਾਲ ਤੱਕ ਦੇ ਬੱਚਿਆਂ ’ਚ ਜਨਮ ਸਮੇਂ ਨੁਕਸ, ਕਮੀਆਂ, ਬਚਪਨ ਦੀਆਂ ਬਿਮਾਰੀਆਂ, ਵਿਕਾਸ ’ਚ ਦੇਰੀ ਸਮੇਤ ਅਪਾਹਜਤਾ ਦੀ ਜਲਦ ਪਛਾਣ ਲਈ ਆਰਬੀਐਸਕੇ ਟੀਮਾਂ ਵੱਲੋਂ ਜਾਂਚ ਕੀਤੀ ਜਾਂਦੀ ਹੈ ਅਤੇ ਇਨ੍ਹਾਂ 31 ਨੁਕਸਾਂ ਨਾਲ ਸਬੰਧਿਤ ਬੱਚਿਆਂ ਦੇ ਮੁਫ਼ਤ ਇਲਾਜ ਦਾ ਪ੍ਰਬੰਧਨ ਮੁਹੱਈਆ ਕਰਵਾਇਆ ਜਾਂਦਾ ਹੈ।