ਸਾਬਕਾ ਜ਼ਿਲਾ ਸਿਹਤ ਅਫ਼ਸਰ ਨੇ ਸੈਂਪਲ ਭਰਨ ਦੇ ਨਾਂ ਤੇ ਕੀਤਾ ਲੋਕਾਂ ਨੂੰ ਗੁੰਮਰਾਹ: ਰਾਫੀ

ਹੁਸ਼ਿਆਰਪੁਰ: ਸਿਵਲ ਸਰਜਨ ਦਫਤਰਾਂ ਵਿੱਚ ਤਾਇਨਾਤ ਜਿਲਾ ਸਿਹਤ ਅਫਸਰ ਕੋਲ ਖਾਣ ਪੀਣ ਵਾਲੇ ਕਾਰੋਬਾਰੀ ਅਦਾਰਿਆਂ ਦੇ ਸੈਂਪਲ ਭਰਨ ਅਤੇ ਇਸ ਦੀ ਵੀਡੀਓ ਜਨਤਕ ਕਰਨ ਦੀ ਕੋਈ ਅਧਿਕਾਰਿਤ ਸ਼ਕਤੀ ਨਹੀਂ ਹੈ | ਇਹ ਖੁਲਾਸਾ ਆਰਟੀਆਈ ਐਕਟੀਵਿਸਟ ਫਰੰਟ ਆਫ ਇੰਡੀਆ (ਰਾਫੀ) ਵੱਲੋਂ ਹੁਸ਼ਿਆਰਪੁਰ ਵਿੱਚ ਕਰਵਾਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਰਦਿਆਂ ਪ੍ਰਧਾਨ ਪ੍ਰਿੰ. ਬਲਵੀਰ ਸਿੰਘ ਸੈਣੀ ਨੇ ਦੱਸਿਆ ਕਿ ਆਰਟੀਆਈ ਐਕਟੀਵਿਸਟ ਫਰੰਟ ਆਫ ਇੰਡੀਆ ਦੇ ਇੱਕ ਮੈਂਬਰ ਵੱਲੋਂ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਵਿੱਚ ਆਰਟੀਆਈ ਐਕਟ 2005 ਅਧੀਨ ਪ੍ਰਾਪਤ ਹੋਈ ਸੂਚਨਾ ਅਨੁਸਾਰ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਵੱਲੋਂ ਖੁਦ ਇਹ ਖੁਲਾਸਾ ਕੀਤਾ ਗਿਆ ਹੈ ਕਿ ਖਾਣ ਪੀਣ ਵਾਲੇ ਕਾਰੋਬਾਰੀ ਅਦਾਰਿਆਂ ਦੇ ਸੈਂਪਲ ਭਰਨ ਦੀ ਸ਼ਕਤੀ ਕੇਵਲ ਜ਼ਿਲਾ ਫੂਡ ਸੇਫਟੀ ਅਫਸਰ ਕੋਲ ਹੈ।
ਇਸ ਪ੍ਰਾਪਤ ਹੋਈ ਸੂਚਨਾ ਦੀ ਰੌਸ਼ਨੀ ਵਿੱਚ ਇਹ ਸਪਸ਼ਟ ਹੋ ਜਾਂਦਾ ਹੈ ਕਿ ਜਿਲਾ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਵਿੱਚ ਤਾਇਨਾਤ ਰਹੇ ਜਿਲਾ ਸਿਹਤ ਅਫਸਰ ਡਾ. ਲਖਬੀਰ ਸਿੰਘ ਵੱਲੋਂ ਆਪਣੇ ਕਾਰਜਕਾਲ ਦੌਰਾਨ ਕਾਰੋਬਾਰੀ ਅਦਾਰਿਆਂ ਉੱਪਰ ਮਾਰੇ ਗਏ ਛਾਪਿਆਂ ਦੀ ਵੀਡੀਓ ਬਣਾ ਕੇ ਵਾਇਰਲ ਕਰਨੀ ਮੁਕੰਮਲ ਤੌਰ ਤੇ ਅਣ ਅਧਿਕਾਰਿਤ ਅਤੇ ਗੈਰ ਸੰਵਿਧਾਨਿਕ ਹੈ ਜੋ ਕਿ ਆਪਣੇ ਨਿੱਜੀ ਮੁਫਾਦਾਂ ਤੇ ਸਿਆਸੀ ਲਾਭ ਲੈਣ ਨੂੰ ਮੁੱਖ ਰੱਖ ਕੇ ਕੀਤੀ ਗਈ ਹੈ |


ਪ੍ਰੈਸ ਕਾਨਫਰੰਸ ਦੌਰਾਨ ਆਰਟੀਆਈ ਐਕਟੀਵਿਸਟ ਫਰੰਟ ਆਫ ਇੰਡੀਆ ਦੇ ਪ੍ਰਧਾਨ ਪ੍ਰਿੰਸੀਪਲ ਬਲਵੀਰ ਸਿੰਘ ਸੈਣੀ ਨੇ ਦੱਸਿਆ ਕਿ ਰਾਫੀ ਦੇ ਇੱਕ ਮੈਂਬਰ ਵੱਲੋਂ ਦਾਖਲ ਕੀਤੀ ਗਈ ਦਰਖਾਸਤ ਨੰਬਰ ਸਪੈਸ਼ਲ 2024/20 ਰਾਹੀਂ ਸੂਚਨਾ ਅਧਿਕਾਰੀ ਪਾਸੋਂ ਉਪਰੋਕਤ ਜਿਲਾ ਸਿਹਤ ਅਫਸਰ ਵੱਲੋਂ ਆਪਣੀ ਸਰਕਾਰੀ ਨੌਕਰੀ ਦੌਰਾਨ ਮਾਰੇ ਗਏ ਛਾਪਿਆਂ ਅਤੇ ਭਰੇ ਗਏ ਸੈਂਪਲਾਂ ਸਬੰਧੀ ਲੈਬਾਰਟਰੀ ਰਿਪੋਰਟਾਂ ਦੀ ਸੂਚਨਾ ਮੰਗੀ ਗਈ ਸੀ। ਇਸ ਦੇ ਨਾਲ ਨਾਲ ਫੇਲ ਪਾਏ ਗਏ ਸੈਂਪਲਾਂ ਨਾਲ ਸੰਬੰਧਿਤ ਕਾਰੋਬਾਰੀ ਅਦਾਰਿਆਂ ਉੱਪਰ ਕੀਤੀ ਗਈ ਕਾਰਵਾਈ ਬਾਰੇ ਵੀ ਜਾਣਕਾਰੀ ਮੰਗੀ ਗਈ ਸੀ। ਉਹਨਾਂ ਸੂਚਨਾ ਅਧਿਕਾਰੀ ਵੱਲੋਂ ਦਿੱਤੀ ਗਈ ਜਾਣਕਾਰੀ ਨੂੰ ਸਵਾਲਾਂ ਦੇ ਘੇਰੇ ਵਿੱਚ ਲੈਂਦਿਆਂ ਕਿਹਾ ਕਿ ਇਸ ਸਬੰਧੀ ਅਧਿਕਾਰੀਆਂ ਵੱਲੋਂ ਕੁੱਝ ਸਵਾਲਾਂ ਦੇ ਗੋਲਮੋਲ ਢੰਗ ਨਾਲ ” ਇਹ ਜਾਣਕਾਰੀ ਥਰਡ ਪਾਰਟੀ ਨਾਲ ਸੰਬੰਧਿਤ ਹੈ” ਕਹਿੰਦਿਆਂ ਜਵਾਬ ਦਿੱਤੇ ਗਏ ਹਨ ਜਿਸ ਨਾਲ ਇਹ ਇਸ਼ਾਰਾ ਮਿਲਦਾ ਹੈ ਕਿ ਵਿਭਾਗ ਵੱਲੋਂ ਆਪਣੇ ਅਧਿਕਾਰੀ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ |

ਪ੍ਰਿੰਸੀਪਲ ਬਲਵੀਰ ਸਿੰਘ ਨੇ ਦੱਸਿਆ ਕਿ ਇਸ ਦਰਖਾਸਤ ਦੇ ਸਵਾਲ ਨੰਬਰ 4 ਵਿੱਚ ਇਹਨਾਂ ਰਿਪੋਰਟਾਂ ਵਿੱਚ ਹਰ ਵਾਰ ਮਾਰੇ ਗਏ ਛਾਪਿਆਂ ਦੌਰਾਨ ਭਰੇ ਗਏ ਸੈਂਪਲਾਂ ਚੋਂ ਕਿੰਨੇ ਪਾਸ ਤੇ ਕਿੰਨੇ ਫੇਲ ਹੋਏ, ਨਾਲ ਸੰਬੰਧਿਤ ਸੂਚਨਾ ਮੰਗੀ ਗਈ ਸੀ। ਜਿਸ ਦੇ ਜਵਾਬ ਵਿੱਚ ਸਿਵਲ ਸਰਜਨ ਦਫਤਰ ਦੇ ਸੰਬੰਧਤ ਸੂਚਨਾ ਅਫਸਰ ਨੇ ਦੱਸਿਆ ਕਿ ਇਹ ਸੂਚਨਾ ਤੀਜੀ ਪਾਰਟੀ ਨਾਲ ਸੰਬੰਧਿਤ ਹੋਣ ਕਰਕੇ ਨਹੀਂ ਦਿੱਤੀ ਜਾ ਸਕਦੀ | ਹੈਰਾਨੀ ਦੀ ਗੱਲ ਹੈ ਕਿ ਸਵਾਲ ਨੰਬਰ 5 ਵਿੱਚ ਇਹਨਾਂ ਫੇਲ ਪਾਏ ਗਏ ਸੈਂਪਲਾਂ ਨਾਲ ਸੰਬੰਧਿਤ ਦੁਕਾਨਾਂ ਖਿਲਾਫ ਕੀਤੀ ਕਾਰਵਾਈ ਬਾਰੇ ਪੁੱਛਿਆ ਗਿਆ ਸੀ ਜਿਸ ਦਾ ਜਵਾਬ ਸਵਾਲ ਨੰਬਰ 4 ਨਾਲ ਹੀ ਸੰਬੰਧਿਤ ਹੀ ਦੇ ਦਿੱਤਾ ਗਿਆ ਹੈ ਕਿ ਡਾਕਟਰ ਲਖਬੀਰ ਸਿੰਘ ਦੀ ਤਾਇਨਾਤੀ ਦੌਰਾਨ 1105 ਸੈਂਪਲ ਭਰੇ ਗਏ ਤੇ 171 ਫੇਲ ਪਾਏ ਗਏ।
ਇਸੇ ਦਰਖਾਸਤ ਦੇ ਸਵਾਲ ਨੰਬਰ 6 ਵਿੱਚ ਜ਼ਿਲਾ ਸਿਹਤ ਅਫਸਰ ਡਾਕਟਰ ਲਖਬੀਰ ਸਿੰਘ ਵੱਲੋਂ ਛਾਪੇ ਮਾਰਨ ਦੌਰਾਨ ਵਿਭਾਗ ਦੀ ਮੀਡੀਆ ਟੀਮਾਂ ਆਪਣੇ ਨਾਲ ਜਾਣ ਅਤੇ ਇਨ੍ਹਾਂ ਵੀਡੀਓਜ਼ ਨੂੰ ਜਨਤਕ ਕਰਨ ਸਬੰਧੀ ਦਿੱਤੀ ਗਈ ਪ੍ਰਵਾਨਗੀ ਦੇ ਜਵਾਬ ਵੀ ਗੋਲਮੋਲ ਢੰਗ ਨਾਲ ਦਿੱਤੇ ਗਏ | ਉਨ੍ਹਾਂਦੱਸਿਆ ਕਿ ਇਸ ਮੁਕੰਮਲ ਦਰਖਾਸਤ ਵਿੱਚ ਮੰਗੀਆਂ ਗਈਆਂ ਸੂਚਨਾਵਾਂ ਬਾਰੇ ਆਪਾ ਵਿਰੋਧੀ ਜਵਾਬ ਦਿੱਤੇ ਗਏ ਹਨ ਜਿਸ ਤੋ ਸਾਬਤ ਹੁੰਦਾ ਹੈ ਕਿ ਵਿਭਾਗ ਦੇ ਅਧਿਕਾਰੀ ਇੱਕ ਦੂਜੇ ਦੀ ਮਿਲੀ ਭੁਗਤ ਨਾਲ ਬਚਾਉਣ ਦੀਆਂ ਕੋਸ਼ਿਸ਼ਾਂ ਕਰਦੇ ਹਨ। ਇਸ ਪ੍ਰੈਸ ਕਾਨਫਰਸ ਦੌਰਾਨ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਪ੍ਰਿੰ. ਬਲਵੀਰ ਸਿੰਘ ਸੈਣੀ ਨੇ ਦੱਸਿਆ ਕਿ ਆਰਟੀਆਈ ਐਕਟੀਵਿਸਟ ਫਰੰਟ ਆਫ ਇੰਡੀਆ ਪੰਜਾਬ ਸਰਕਾਰ ਪਾਸੋਂ ਇਹ ਮੰਗ ਕਰਦੀ ਹੈ ਕਿ ਜਿਲਾ ਸਿਹਤ ਅਫਸਰ ਰਹੇ ਡਾਕਟਰ ਲਖਵੀਰ ਸਿੰਘ ਵੱਲੋਂ ਛਾਪੇਮਾਰੀ ਕਰਨ ਅਤੇ ਵੀਡੀਓਜ਼ ਜਨਤਕ ਕਰਨ ਸਬੰਧੀ ਕੀਤੀਆਂ ਗਈਆਂ ਕਾਰਵਾਈਆਂ ਦੀ ਮੁਕੰਮਲ ਤੌਰ ਤੇ ਨਿਰਪੱਖ ਏਜੰਸੀ ਪਾਸੋਂ ਜਾਂਚ ਕਰਾਵੇ |
ਆਰਟੀਆਈ ਐਕਟੀਵਿਸਟ ਫਰੰਟ ਆਫ ਇੰਡੀਆ ਦੇ ਪ੍ਰਧਾਨ ਬਲਵੀਰ ਸਿੰਘ ਸੈਣੀ ਨੇ ਸਮੂਹ ਸਰਕਾਰੀ ਵਿਭਾਗਾਂ ਦੇ ਸੂਚਨਾ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਆਰਟੀਆਈ ਐਕਟ 2005 ਅਨੁਸਾਰ ਕਾਨੂੰਨੀ ਤੌਰ ‘ਤੇ ਬਣਦੀ ਜਾਣਕਾਰੀ ਦੇਣ ਤਾਂ ਜੋ ਸੂਚਨਾਰਥੀਆਂ ਦੇ ਅਧਿਕਾਰ ਦਾ ਸਹੀ ਢੰਗ ਨਾਲ ਉਪਯੋਗ ਕੀਤਾ ਜਾ ਸਕੇ | ਇਸ ਮੌਕੇ ਆਰਟੀਆਈ ਐਕਟੀਵਿਸਟ ਫਰੰਟ ਆਫ ਇੰਡੀਆ ਦੇ ਚੇਅਰਮੈਨ ਤਰਸੇਮ ਦੀਵਾਨਾ,ਗੁਰਬਿੰਦਰ ਸਿੰਘ ਪਲਾਹਾ ਜਨਰਲ ਸਕੱਤਰ,ਅਸ਼ਵਨੀ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਓਮ ਪ੍ਰਕਾਸ਼ ਰਾਣਾ, ਸੁਸ਼ਾਂਤ ਮੱਮਣ ਵਿੱਤ ਸਕੱਤਰ, ਹੈਡਮਾਸਟਰ ਇੰਦਰ ਸਿੰਘ ਰਾਮ ਕਲੌਨੀ ਕੈਂਪ ਸਕੱਤਰ,ਦਵਿੰਦਰ ਸ਼ੀਹਮਾਰ ਜੁਆਇੰਟ ਸਕੱਤਰ ਆਦਿ ਵੀ ਮੌਜੂਦ ਸਨ |