ਬੱਚਿਆਂ ਵਿਚ 31 ਜਮਾਂਦਰੂ ਨੁਕਸ ਹੋਣ ਤੇ ਸਰਕਾਰੀ ਤੌਰ ਤੇ ਆਰ.ਬੀ.ਐਸ.ਕੇ ਤਹਿਤ ਕੀਤਾ ਜਾਂਦਾ ਹੈ ਮੁਫ਼ਤ ਇਲਾਜ਼: ਡਾ. ਬਲਵਿੰਦਰ ਕੁਮਾਰ ਡਮਾਣਾ
ਹੁਸ਼ਿਆਰਪੁਰ 13 ਮਾਰਚ 2024: ਸਿਹਤ ਵਿਭਾਗ ਪੰਜਾਬ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਜ਼ਿਲ੍ਹੇ ਵਿੱਚ ਬੱਚਿਆਂ ਵਿਚ ਜਮਾਂਦਰੂ ਨੁਕਸਾਂ ਦੀ ਮੁੱਢਲੀ ਅਵਸਥਾ ਵਿੱਚ ਪਛਾਣ, ਰੋਕਥਾਮ ਤੇ ਇਲਾਜ ਪ੍ਰਬੰਧਨ ਬਾਰੇ ਇੱਕ ਵਿਸ਼ੇਸ਼ ਜਾਗਰੂਕਤਾ ਮਹੀਨਾ ਮਨਾਇਆ ਜਾ ਰਿਹਾ ਹੈ। ਇਸ ਸੰਬੰਧ ਵਿਚ ਅੱਜ ਆਮ ਆਦਮੀ ਕਲੀਨਿਕ ਅਸਲਾਮਾਬਾਦ ਵਿਖੇ ਇੱਕ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਡਮਾਣਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਜਾਗਰੂਕਤਾ ਕੈਂਪ ਦਾ ਮੁੱਖ ਉਦੇਸ਼ ਬੱਚਿਆਂ ਵਿਚ ਜਮਾਂਦਰੂ ਨੁਕਸਾਂ ਦੀ ਮੁੱਢਲੀ ਅਵਸਥਾ ਵਿੱਚ ਪਛਾਣ, ਰੋਕਥਾਮ ਤੇ ਇਲਾਜ ਪ੍ਰਬੰਧਨ ਬਾਰੇ ਆਮ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਹੈ।
ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਡਾ ਡਮਾਣਾ ਨੇ ਦੱਸਿਆ ਕਿ ਬੱਚਿਆਂ ਦੇ ਜਮਾਂਦਰੂ ਨੁਕਸਾਂ ਵਿੱਚ ਰੀੜ੍ਹ ਦੀ ਹੱਡੀ ਵਿੱਚ ਸੋਜ, ਡਾਊਨ ਸਿੰਡ੍ਰੋਮ, ਕੱਟਿਆ ਬੁੱਲ੍ਹ ਅਤੇ ਕੱਟਿਆ ਤਾਲੂ, ਟੇਢੇ ਪੈਰ, ਚੂਲੇ ਦਾ ਠੀਕ ਤਰ੍ਹਾਂ ਵਿਕਸਿਤ ਨਾ ਹੋਣਾ, ਜਮਾਂਦਰੂ ਬੋਲਾਪਣ, ਜਮਾਂਦਰੂ ਦਿਲ ਦੀਆਂ ਬਿਮਾਰੀਆਂ, ਜਮਾਂਦਰੂ ਚਿੱਟਾ ਮੋਤੀਆ ਅਤੇ ਸਮੇਂ ਤੋਂ ਪਹਿਲੇ ਜਨਮੇ ਬੱਚਿਆਂ ਵਿੱਚ ਅੱਖਾਂ ਦੇ ਪਰਦੇ ਆਦਿ ਦੇ ਨੁਕਸ ਸ਼ਾਮਲ ਹਨ।
ਉਹਨਾਂ ਦੱਸਿਆ ਕਿ ਕੱਟੇ ਹੋਏ ਬੁੱਲ੍ਹ ਜਾਂ ਕੱਟਿਆ ਤਾਲ਼ੂ ਜਨਮ ਤੋਂ ਹੀ ਕਈ ਬੱਚਿਆਂ ਵਿਚ ਹੁੰਦੇ ਹਨ ਅਤੇ ਇਸ ਦਾ ਸਰਜਰੀ ਕਰ ਕੇ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਗਰਭਵਤੀ ਦੀ ਹਿਸਟਰੀ ਐਲਕੋਹਲ ਲੈਣ, ਸਮੋਕਿੰਗ ਕਰਨ ਦੀ ਹੋਵੇ ਜਾਂ ਮਾਂ ਨੂੰ ਡਾਇਬਟੀਜ਼ (ਸ਼ੂਗਰ) ਦੀ ਬਿਮਾਰੀ ਹੋਵੇ ਜਾਂ ਮੋਟਾਪਾ ਹੋਵੇ ਤਾਂ ਜਨਮ ਲੈਣ ਵਾਲ਼ੇ ਬੱਚਿਆਂ ਵਿਚ ਅਜਿਹੇ ਜਮਾਂਦਰੂ ਨੁਕਸ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਕੱਟੇ ਹੋਏ ਬੁੱਲਾਂ ਦੀ ਸਰਜਰੀ ਜਨਮ ਤੋਂ ਬਾਅਦ ਪਹਿਲੇ 6 ਮਹੀਨੇ ਵਿਚ ਹੋ ਸਕਦੀ ਹੈ ਅਤੇ ਜੇਕਰ ਇਹ ਨੁਕਸ ਤਾਲ਼ੂਏ ਤੱਕ ਹੈ ਤਾਂ ਇਸ ਦੀ ਸਰਜਰੀ 6 ਤੋਂ 12 ਮਹੀਨੇ ਦੀ ਉਮਰ ਤੱਕ ਹੋ ਸਕਦੀ ਹੈ। ਜੇਕਰ ਇਹ ਨੁਕਸ ਨੱਕ ਜਾਂ ਗਲ਼ੇ ਤੱਕ ਹੈ ਤਾਂ 10 ਸਾਲ ਦੀ ਉਮਰ ਵਿਚ ਕੰਪਲੀਟ ਸਰਜਰੀ ਹੋ ਜਾਂਦੀ ਹੈ। ਅਜਿਹੇ ਨੁਕਸ ਵਾਲ਼ੇ ਬੱਚਿਆਂ ਨੂੰ ਦੁੱਧ ਪੀਣ ਵਿਚ ਮੁਸ਼ਕਿਲ ਹੁੰਦੀ ਹੈ ਅਤੇ ਕੰਨ ਜਾਂ ਗਲ਼ੇ ਦੀ ਇੰਫੈਕਸ਼ਨ ਰਹਿੰਦੀ ਹੈ ਤੇ ਸੁਣਨ ਸ਼ਕਤੀ ਵੀ ਪ੍ਰਭਾਵਿਤ ਹੁੰਦੀ ਹੈ। ਉਹਨਾਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੱਚਿਆਂ ਵਿਚ 31 ਜਮਾਂਦਰੂ ਨੁਕਸ ਹੋਣ ਤੇ ਸਰਕਾਰੀ ਤੌਰ ਉਹਨਾਂ ਦਾ ਇਲਾਜ਼ ਮੁਫਤ ਕੀਤਾ ਜਾਂਦਾ ਹੈ।
ਸਪੈਸ਼ਲ ਐਜੁਕੇਟਰ ਸ਼੍ਰੀਮਤੀ ਪ੍ਰਵੇਸ਼ ਨੇ ਦੱਸਿਆ ਕਿ ਆਰ.ਬੀ.ਐੱਸ.ਕੇ. ਮੋਬਾਇਲ ਹੈਲਥ ਟੀਮਾਂ ਦੁਆਰਾ ਸਿਹਤ ਸੰਸਥਾਵਾਂ ਵਿੱਚ ਹਰ ਡਿਲੀਵਰੀ ਪੁਆਇੰਟ ‘ਤੇ ਨਵਜੰਮੇ ਬੱਚਿਆਂ ਦੇ 9 ਜਮਾਂਦਰੂ ਨੁਕਸਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਆਰ.ਬੀ.ਐਸ.ਕੇ. ਪ੍ਰੋਗਰਾਮ ਅਧੀਨ ਮੁਫ਼ਤ ਕਰਵਾਇਆ ਜਾਂਦਾ ਹੈ। ਜਿਸ ਦਾ ਉਦੇਸ਼ ਜਨਮ ਤੋਂ ਲੈ ਕੇ 18 ਸਾਲ ਤੱਕ ਦੇ ਬੱਚਿਆਂ ’ਚ ਜਨਮ ਸਮੇਂ ਨੁਕਸ, ਕਮੀਆਂ, ਬਚਪਨ ਦੀਆਂ ਬਿਮਾਰੀਆਂ, ਵਿਕਾਸ ’ਚ ਦੇਰੀ ਸਮੇਤ ਅਪਾਹਜਤਾ ਦੀ ਜਲਦ ਪਛਾਣ ਅਤੇ ਇਨ੍ਹਾਂ ਦਾ ਇਲਾਜ ਮੁਹੱਈਆ ਕਰਵਾਉਣਾ ਹੈ।
ਸਟਾਫ ਨਰਸ ਸ਼੍ਰੀਮਤੀ ਰੇਣੂ ਨੇ ਕਿਹਾ ਕਿ ਆਰ.ਬੀ.ਐੱਸ.ਕੇ. ਤਹਿਤ ਆਂਗਨਵਾੜੀ ਕੇਂਦਰਾਂ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਰਜਿਸਟਰਡ 0 ਤੋਂ 18 ਸਾਲ ਤੱਕ ਦੇ ਬੱਚਿਆਂ ਦੀਆਂ ਜਮਾਂਦਰੂ ਬਿਮਾਰੀਆਂ ਜਿਹਨਾਂ ਦਾ ਇਲਾਜ਼ ਸਰਕਾਰੀ ਤੌਰ ਤੇ ਹੋ ਸਕਦਾ ਹੈ ਦੀ ਲਿਸਟ ਉਪਲਭਦ ਹੁੰਦੀ ਹੈ। ਇਸ ਮੌਕੇ ਆਮ ਆਦਮੀ ਕਲੀਨਿਕ ਦੇ ਮੈਡੀਕਲ ਅਫ਼ਸਰ ਡਾ ਭਾਰਤੀ, ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ, ਜ਼ਿਲ੍ਹਾ ਸਕੂਲ ਹੈਲਥ ਕੁਆਰਡੀਨੇਟਰ ਪੂਨਮ, ਫਾਰਮੇਸੀ ਅਫਸਰ ਰਮਨਦੀਪ ਸੈਣੀ ਤੇ ਮਨਪ੍ਰੀਤ ਕੌਰ, ਸਟਾਫ ਨਰਸ ਮੰਜੂ ਬਾਲਾ ਤੇ ਸੁਨੀਤਾ ਦੇਵੀ, ਐਲਐਚਵੀ ਨਰੇਸ਼ ਸੈਣੀ, ਏਐਨਐਮ ਸਰੋਜ ਅਤੇ ਵੰਦਨਾ ਹਾਜ਼ਰ ਸਨ।