ਨਗਰ ਸੁਧਾਰ ਟਰੱਸਟ ਦੀ ਆਮਦਨੀ ‘ਚ 3 ਕਰੋੜ ਦੇ ਕਰੀਬ ਦਾ ਹੋਇਆ ਵਾਧਾ
ਹੁਸ਼ਿਆਰਪੁਰ : ਦਫ਼ਤਰ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਵਲੋਂ 20 ਤੋਂ 22 ਫਰਵਰੀ ਤੱਕ ਈ-ਆਕਸ਼ਨ ਕੀਤੀ ਗਈ, ਜਿਸ ਵਿਚ ਪਲਾਟ, ਬਣੀ ਹੋਈ ਦੁਕਾਨ ਅਤੇ ਸ਼ਾਪ-ਕਮ-ਦਫ਼ਤਰ ਸਾਈਟਾਂ ਨੂੰ ਵੇਚਿਆ ਗਿਆ। ਇਸ ਨਿਲਾਮੀ ਨਾਲ ਨਗਰ ਸੁਧਾਰ ਟਰੱਸਟ ਦੀ ਆਮਦਨੀ ਵਿਚ 3 ਕਰੋੜ ਰੁਪਏ ਦੇ ਕਰੀਬ ਵਾਧਾ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਉਂਦੇ ਹੋਏ ਦੱਸਿਆ ਕਿ ਜਲਦ ਹੀ ਇਕ ਹੋਰ ਈ-ਆਕਸ਼ਨੀ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਚਾਹਵਾਨ ਵਿਅਕਤੀ ਇਨ੍ਹਾਂ ਜਾਇਦਾਦਾਂ ਦੀ ਖਰੀਦ ਕਰਨ ਦਾ ਲਾਭ ਪ੍ਰਾਪਤ ਕਰ ਸਕਦੇ ਹਨ।
ਚੇਅਰਮੈਨ ਹਰਮੀਤ ਸਿੰਘ ਔਲਖ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਦਾ ਯਤਨ ਹੈ ਕਿ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣ ਅਤੇ ਸਰਕਾਰੀ ਸੰਸਥਾਵਾਂ ਵਿਚ ਆਮਦਨੀ ਦਾ ਵਾਧਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਸੂਬਾ ਸਰਕਾਰ ਵੱਲੋਂ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸ ਮੁਹਿੰਮ ਨੂੰ ਆਮ ਲੋਕਾਂ ਦਾ ਵੀ ਬਹੁਤ ਸਹਿਯੋਗ ਮਿਲ ਰਿਹਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਦਾ ਨੁਮਾਇੰਦਾ ਤਹਿਸੀਲਦਾਰ ਹੁਸ਼ਿਆਰਪੁਰ, ਵਧੀਕ ਡਿਪਟੀ ਕਮਿਸ਼ਨਰ (ਜ) ਦਾ ਨੁਮਾਇੰਦਾ, ਸਹਾਇਕ ਮਿਊਂਸਪਲ ਇੰਜੀਨੀਅਰ ਨਗਰ ਕੋਂਸਲ ਟਾਂਡਾ, ਐਸ.ਡੀ.ਐਮ ਹੁਸ਼ਿਆਰਪੁਰ, ਕਾਰਜ ਸਾਧਕ ਅਫ਼ਸਰ ਨਗਰ ਸੁਧਾਰ ਟਰੱਸਟ, ਸਹਾਇਕ ਟਰੱਸਟ ਇੰਜੀਨੀਅਰ ਨਗਰ ਸੁਧਾਰ ਟਰੱਸਟ ਸਮੇਤ ਸਮੂਹ ਸਟਾਫ ਹਾਜ਼ਸ ਸਨ।