ਵੋਟਰ ਕਾਰਡ ਤੋਂ ਇਲਾਵਾ 14 ਹੋਰ ਦਸਤਾਵੇਜ਼ ਦਿਖਾ ਕੇ ਵੀ ਵੋਟ ਪਾਈ ਜਾ ਸਕਦੀ ਹੈ: ਜ਼ਿਲ੍ਹਾ ਚੋਣ ਅਫ਼ਸਰ

ਹੁਸ਼ਿਆਰਪੁਰ, 19 ਫਰਵਰੀ ( ਹਰਪਾਲ ਲਾਡਾ ): ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਨਗਰ ਕੌਂਸਲ ਤਲਵਾੜਾ ਦੇ ਸਮੂਹ ਯੋਗ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਗਰ ਕੌਂਸਲ ਤਲਵਾੜਾ ਦੀਆਂ 2 ਮਾਰਚ 2025 ਨੂੰ ਹੋਣ ਵਾਲੀਆਂ ਚੋਣਾਂ ਵਿੱਚ ਵੋਟਰ ਆਪਣੇ-ਆਪਣੇ ਬੂਥਾਂ ’ਤੇ ਵੋਟਰ ਕਾਰਡ ਤੋਂ ਇਲਾਵਾ ਚੋਣ ਕਮਿਸ਼ਨ ਵੱਲੋਂ ਦੱਸੇ ਗਏ ਦਸਤਾਵੇਜ਼ ਦਿਖਾ ਕੇ ਵੀ ਵੋਟ ਪਾ ਸਕਦੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪੋਲਿੰਗ ਬੂਥ ‘ਤੇ ਪਛਾਣ ਦੇ ਸਬੂਤ ਵਜੋਂ ਨਾਗਰਿਕ ਆਪਣਾ ਵੋਟਰ ਕਾਰਡ ਤੋਂ ਇਲਾਵਾ ਆਧਾਰ ਕਾਰਡ, ਭਾਰਤੀ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ (ਫੋਟੋ ਸਮੇਤ), ਮਨਰੇਗਾ ਜੌਬ ਕਾਰਡ, ਰਾਸ਼ਨ ਕਾਰਡ/ਨੀਲਾ ਕਾਰਡ, ਫੋਟੋ ਵਾਲਾ ਆਰਮ ਲਾਇਸੰਸ, ਫੋਟੋ ਵਾਲਾ ਪੈਨਸ਼ਨ ਦਸਤਾਵੇਜ਼, ਫੋਟੋ ਵਾਲਾ ਸੁਤੰਤਰਤਾ ਸੈਨਾਨੀ ਪਛਾਣ ਪੱਤਰ, ਬੈਂਕ/ਡਾਕਖਾਨੇ ਸਕੀਮ ਅਧੀਨ ਜਾਰੀ ਕੀਤੀ ਗਈ ਪਾਸਬੁੱਕ ਫੋਟੋ ਸਮੇਤ, ਕਿਰਤ ਮੰਤਰਾਲੇ ਦੀ ਸਕੀਮ ਤਹਿਤ ਜਾਰੀ ਕੀਤਾ ਗਿਆ ਸਿਹਤ ਬੀਮਾ ਸਮਾਰਟ ਕਾਰਡ, ਸੰਸਦ ਮੈਂਬਰ/ਵਿਧਾਇਕ ਵੱਲੋਂ ਜਾਰੀ ਮਾਨਤਾ ਪ੍ਰਾਪਤ ਪਹਿਚਾਣ ਪੱਤਰ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ, ਭਾਰਤ ਸਰਕਾਰ ਦੁਆਰਾ ਦਿਵਿਆਂਗ ਵਿਅਕਤੀਆਂ ਨੂੰ ਜਾਰੀ ਕੀਤਾ ਗਿਆ ਵਿਲੱਖਣ ਦਿਵਿਆਂਗ ਆਈ.ਡੀ ਕਾਰਡ (ਯੂ.ਡੀ.ਆਈ.ਡੀ), ਕੇਂਦਰ/ਰਾਜ ਸਰਕਾਰ, ਜਨਤਕ ਅਦਾਰਿਆਂ ਜਾਂ ਪਬਲਿਕ ਲਿਮਟਿਡ ਕੰਪਨੀਆਂ ਦੁਆਰਾ ਕਰਮਚਾਰੀਆਂ ਨੂੰ ਜਾਰੀ ਫੋਟੋ ਪਛਾਣ ਪੱਤਰ ਦਿਖਾ ਕੇ ਆਪਣੀ ਵੋਟ ਪਾ ਸਕਦੇ ਹਨ।
