ਭਾਸ਼ਾ ਵਿਭਾਗ ਵਲੋਂ ਕੌਮਾਂਤਰੀ ਮਾਂ ਬੋਲੀ ਦਿਹਾੜੇ ’ਤੇ ਨਾਟਕ ‘ਰਾਹਾਂ ਵਿਚ ਅੰਗਿਆਰ ਬੜੇ ਸੀ’ ਦੀ ਸਫਲ ਪੇਸ਼ਕਾਰੀ
ਹੁਸ਼ਿਆਰਪੁਰ, 22 ਫਰਵਰੀ: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਭਾਸ਼ਾ ਵਿਭਾਗ ਪੰਜਾਬ, ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵੱਲੋਂ ਸਵਾਮੀ ਸਰਵਾਨੰਦ ਗਿਰੀ ਖੇਤਰੀ ਕੇਂਦਰ, ਪੰਜਾਬ ਯੂਨੀਵਰਸਿਟੀ, ਹੁਸ਼ਿਆਰਪੁਰ ਦੇ ਸਹਿਯੋਗ ਨਾਲ ਖਚਾ-ਖਚ ਭਰੇ ਹੋਏ ਆਡੀਟੋਰੀਅਮ ਵਿਚ ਕੌਮਾਂਤਰੀ ਮਾਂ ਬੋਲੀ ਦਿਹਾੜੇ ’ਤੇ ਸਫਲ ਪ੍ਰੋਗਰਾਮ ਦਾ ਆਯੋਜਨ ਹੋਇਆ। ਸਮਾਗਮ ਉਦੋਂ ਕੌਮਾਂਤਰੀ ਹੋ ਨਿਬੜਿਆਂ ਜਦੋਂ ਮਨਮੋਹਨ ਪੂੰਨੀ ਇੰਡੋ ਅਮੈਰੀਕਨ ਹੈਰੀਟੇਜ ਫਾਊਂਡੇਸ਼ਨ ਨਿਊਯਾਰਕ ਆਪਣੀ ਪਤਨੀ ਗੁਰਿੰਦਰ ਕੌਰ ਪੂੰਨੀ ਸਮੇਤ ਹਾਜ਼ਰੀ ਭਰਨ ਆਏ। ਜੀ ਆਇਆਂ ਸ਼ਬਦ ਡਾਇਰੈਕਟਰ ਖੇਤਰੀ ਕੇਂਦਰ ਡਾ. ਐੱਚ. ਐੱਸ. ਬੈਂਸ ਨੇ ਆਖੇ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਸਵੰਤ ਰਾਏ ਨੇ ਕੌਮਾਂਤਰੀ ਮਾਂ ਬੋਲੀ ਦਿਹਾੜੇ ਦੇ ਇਤਿਹਾਸ, ਪੰਜਾਬੀ ਮਾਂ ਬੋਲੀ ਅਤੇ ਭਾਸ਼ਾ ਵਿਭਾਗ ਦੀਆਂ ਗਤੀ ਵਿਧੀਆਂ ਹਾਜ਼ਰਿਨ ਨਾਲ ਸਾਂਝੀਆਂ ਕੀਤੀਆਂ।
ਇਸ ਉਪਰੰਤ ਮਸ਼ਹੂਰ ਨਿਰਦੇਸ਼ਕ ਰਾਜਵਿੰਦਰ ਸਮਰਾਲਾ ਵਲੋਂ ਨਿਰਦੇਸ਼ਿਤ ਅਤੇ ਅਦਾਕਾਰਾ ਕਮਲਜੀਤ ਨੀਰੂ ਦੀ ਅਦਾਕਾਰੀ ਨਾਲ ਲਬਰੇਜ਼ ਉਘੀ ਪੰਜਾਬੀ ਕਵਿਤਰੀ ਸੁਖਵਿੰਦਰ ਅੰਮ੍ਰਿਤ ਦੇ ਜੀਵਨ ਅਤੇ ਲਿਖਤਾਂ ’ਤੇ ਅਧਾਰਿਤ ਨਾਟਕ ‘ਰਾਹਾਂ ਵਿਚ ਅੰਗਿਆਰ ਬੜੇ ਸੀ’ ਦੀ ਸਫ਼ਲ ਪੇਸ਼ਕਾਰੀ ਕੀਤੀ ਗਈ। ਪੌਣੇ ਦੋ ਘੰਟੇ ਦੇ ਇੱਕ ਪਾਤਰੀ ਨਾਟਕ ਰਾਹੀਂ ਕਮਲਜੀਤ ਨੀਰੂ ਨੇ ਆਪਣੀ ਅਦਾਕਾਰੀ ਰਾਹੀਂ ਦਰਸ਼ਕਾਂ ਨੂੰ ਕੀਲ਼ ਸੁੱਟਿਆ। ਭਾਰਤੀ ਸਮਾਜ ਵਿੱਚ ਔਰਤ ਦੀ ਹੋਂਦ ਅਤੇ ਹੋਣੀ ਨੂੰ ਬਿਆਨ ਕਰਦੇ ਇਸ ਨਾਟਕ ਨੇ ਸਮਾਜ ਦੇ ਅਜਿਹੇ ਘਿਨਾਉਣੇ ਦ੍ਰਿਸ਼ਾਂ ਦੀ ਪੇਸ਼ਕਾਰੀ ਕੀਤੀ ਕਿ ਦਰਸ਼ਕਾਂ ਦੀਆਂ ਵਾਰ-ਵਾਰ ਅੱਖਾਂ ਸਿੱਲੀਆਂ ਹੁੰਦੀਆਂ ਰਹੀਆਂ।
ਆਡੀਟੋਰੀਅਮ ਵਿਚ ਬੈਠੀਆਂ ਲਾਅ ਅਤੇ ਇੰਜੀਨੀਅਰਿੰਗ ਦੀਆਂ ਵਿਦਿਆਰਥਣਾਂ ਨੇ ਕਿਹਾ ਕਿ ਆਪਣੇ ਹਿੱਸੇ ਦਾ ਅੰਬਰ ਮੱਲਣ ਲਈ ਪ੍ਰੇਰਣਾ ਦੇਣ ਵਾਲੇ ਇਹੋ ਜਿਹੇ ਸਮਾਗਮ ਸਾਡੇ ਸਮਾਜ ਵਿੱਚ ਹੋਣੇ ਬਹੁਤ ਜ਼ਰੂਰੀ ਹਨ। ਜਦ ਤੱਕ ਕੁੜੀਆਂ ਅੱਖਰਾਂ ਦਾ ਜਾਮਾ ਨਹੀਂ ਪਹਿਨਣਗੀਆਂ ਉਦੋਂ ਤੱਕ ਮਰਦ ਪ੍ਰਧਾਨ ਸਸਮਾਜ ਦੀ ਬਰਾਬਰੀ ਕਰਨੀ ਸੰਭਵ ਨਹੀਂ।
ਨਾਟਕ ਉਪਰੰਤ ਭਾਸ਼ਾ ਵਿਭਾਗ ਵੱਲੋਂ ਆਏ ਹੋਏ ਮਹਿਮਾਨਾਂ, ਵਿਦਵਾਨਾਂ, ਸਾਹਿਤਕਾਰਾਂ ਅਤੇ ਕਲਾਕਾਰਾਂ ਦਾ ਮਹਾਨ ਕੋਸ਼, ਲੋਈਆਂ ਅਤੇ ਮੋਮੈਟੋਆਂ ਨਾਲ ਸਨਮਾਨ ਕੀਤਾ ਗਿਆ। ਇਸ ਸਮੇਂ ਸਾਹਿਤਕਾਰ ਤ੍ਰਿਪਤਾ ਕੇ ਸਿੰਘ, ਜਸਬੀਰ ਸਿੰਘ ਧੀਮਾਨ, ਸੁਰਿੰਦਰ ਕੰਗਵੀ, ਪ੍ਰੋ. ਬ੍ਰਾਜੇਸ਼ ਸ਼ਰਮਾ, ਪ੍ਰੋ. ਸਵਿਤਾ ਗਰੋਵਰ, ਡਾ. ਕਾਮਿਆ, ਪ੍ਰੋ. ਗੁਰਦੀਪ ਕੌਰ, ਡਾ. ਬਲਵਿੰਦਰ ਕੁਮਾਰ, ਪ੍ਰੋ. ਨਿਮਰਤਾ, ਡਾ. ਦੀਪ ਚੰਦ, ਡਾ. ਵਿਨੈ ਅਰੋੜਾ, ਪ੍ਰੋ. ਮੀਨਾ, ਡਾ. ਹਰਪ੍ਰੀਤ ਸਿੰਘ, ਡਾ. ਦਰਸ਼ਨ ਸਿੰਘ, ਡਾ. ਅਜੀਤ ਸਿੰਘ ਜੱਬਲ, ਪ੍ਰੋ. ਵਿਕਰਮ, ਐਡਵੋਕੇਟ ਬ੍ਰਿਜ ਮੋਹਨ, ਐਡਵੋਕੇਟ ਭਗਵੰਤ ਸਿੰਗ, ਲਵਪ੍ਰੀਤ, ਲਾਲ ਸਿੰਘ ਵਿਦਿਆਰਥੀ, ਸਾਹਿਤਕਾਰ, ਸਾਹਿਤ ਪ੍ਰੇਮੀ ਅਤੇ ਸਟਾਫ਼ ਹਾਜ਼ਰ ਸੀ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਪ੍ਰੋ. ਸਵਿਤਾ ਗਰੋਵਰ ਨੇ ਬਾਖ਼ੂਬੀ ਨਿਭਾਈ।