ਅਰਬਨ ਸਲੱਮ ਏਰੀਆ ਦੀਆਂ ਝੁੱਗੀਆਂ ਵਿਚ ਰਹਿਣ ਵਾਲੇ ਬੱਚਿਆਂ ਲਈ ਲਗਾਇਆ ਗਿਆ ਵਿਸ਼ੇਸ਼ ਟੀਕਾਕਰਣ ਕੈਂਪ : ਡਾ ਸੀਮਾ ਗਰਗ
ਹੁਸ਼ਿਆਰਪੁਰ 20 ਫਰਵਰੀ 2024: ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡਮਾਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਦੀ ਬਲਬੀਰ ਕਲੋਨੀ ਨੇੜੇ ਭੰਗੀ ਚੋਅ ਵਿਚ ਬਣੀਆਂ ਝੁੱਗੀਆਂ ਵਿਚ ਰਹਿ ਰਹੇ ਪ੍ਰਵਾਸੀ ਪਰਿਵਾਰਾਂ ਦੇ ਬੱਚਿਆਂ ਲਈ ਨਹਿਰ ਕਲੋਨੀ ਡਿਸਪੈਂਸਰੀ ਦੀ ਟੀਮ ਵਲੋਂ ਵਿਸ਼ੇਸ਼ ਟੀਕਾਕਰਣ ਕੈਂਪ ਲਗਾਇਆ ਗਿਆ। ਇਸ ਕੈਂਪ ਨੂੰ ਜ਼ਿਲਾ ਟੀਕਾਕਰਣ ਅਫ਼ਸਰ ਡਾ ਸੀਮਾ ਗਰਗ ਨੇ ਵਿਸ਼ੇਸ਼ ਰੂਪ ਵਿਚ ਵਿਜਿਟ ਕੀਤਾ। ਉਹਨਾਂ ਦੇ ਨਾਲ ਬੀਸੀਸੀ ਕੁਆਰਡੀਨੇਟਰ ਅਮਨਦੀਪ ਸਿੰਘ, ਆਰਬੀਐਸਕੇ ਕੁਆਰਡੀਨੇਟਰ ਪੂਨਮ ਅਤੇ ਸਪੈਸ਼ਲ ਐਜੁਕੇਟਰ ਪ੍ਰਵੇਸ਼ ਕੁਮਾਰੀ ਵੀ ਹਾਜ਼ਰ ਸਨ।
ਗੱਲਬਾਤ ਕਰਦਿਆਂ ਡਾ ਸੀਮਾ ਗਰਗ ਨੇ ਦੱਸਿਆ ਕਿ ਇਸ ਕੈਂਪ ਵਿਚ ਜਿਹਨਾਂ ਬੱਚਿਆਂ ਦੇ ਮਾਤਾ ਪਿਤਾ ਨਹੀਂ ਹਨ ਤੇ ਉਹ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਹੇ ਹਨ ਉਹਨਾਂ ਦਾ ਅਧੂਰਾ ਟੀਕਾਕਰਣ ਪੂਰਾ ਕੀਤਾ ਗਿਆ। ਬਾਕੀ ਰਹਿ ਗਏ ਬੱਚਿਆਂ ਦੇ ਐਮਸੀਪੀ ਕਾਰਡ ਚੈੱਕ ਕੀਤੇ ਗਏ ਤੇ ਉਹਨਾਂ ਦੀ ਉਮਰ ਮੁਤਾਬਿਕ ਉਹਨਾਂ ਨੂੰ ਵਿਟਾਮਿਨ ਏ ਪਿਲਾਇਆ ਗਿਆ। ਪ੍ਰਵਾਸੀ ਹੋਣ ਕਰਕੇ ਕੁਝ ਲੋਕਾਂ ਕੋਲ ਉਹਨਾਂ ਦੇ ਬੱਚਿਆਂ ਦੇ ਕਾਰਡ ਇੱਥੇ ਨਾ ਹੋ ਕੇ ਉਹਨਾਂ ਦੇ ਜੱਦੀ ਪਿੰਡ ਯੂਪੀ ਜਾਂ ਬਿਹਾਰ ਵਿਚ ਰਹਿ ਗਏ ਸਨ। ਡਾ ਗਰਗ ਨੇ ਦੱਸਿਆ ਕਿ ਉਮਰ ਮੁਤਾਬਿਕ ਉਹਨਾਂ ਦੇ ਰਹਿੰਦੇ ਟੀਕੇ ਲਗਾਏ ਗਏ। ਉੱਥੇ ਮੌਜੂਦ ਲੋਕਾਂ ਨੂੰ ਟੀਕਾਕਰਣ ਦੇ ਮਹੱਤਵ ਬਾਰੇ ਵਿਸਥਾਰ ਵਿਚ ਸਮਝਾਇਆ ਗਿਆ। ਗਰਭਵਤੀ ਔਰਤਾਂ ਦਾ ਵੀ ਟੀਕਾਕਰਣ ਕੀਤਾ ਗਿਆ ਅਤੇ ਉਹਨਾਂ ਨੂੰ ਆਇਰਨ ਕੈਲਸ਼ੀਅਮ ਦੀਆਂ ਗੋਲੀਆਂ ਵੀ ਵੰਡੀਆਂ ਗਈਆਂ।
ਡਾ. ਗਰਗ ਨੇ ਹੋਰ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਪ੍ਰਵਾਸੀ ਬੱਚਿਆਂ ਦੇ ਸੰਪੂਰਨ ਟੀਕਾਕਰਣ ਲਈ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਸ਼ਹਿਰ ਦੇ ਸਲਮ ਏਰੀਆ ਵਿਚ ਅਜਿਹੇ ਕੈਂਪ ਲਗਾਏ ਜਾਣਗੇ। ਸੰਬੰਧਿਤ ਏਰੀਆ ਦੀਆਂ ਏਐਨਐਮ ਅਤੇ ਐਲਐਚਵੀ ਨੂੰ ਇਸ ਸੰਬੰਧੀ ਹਿਦਾਇਤਾਂ ਕਰ ਦਿਤੀਆਂ ਗਈਆਂ ਹਨ ਕਿ ਉਹ ਆਪਣੇ ਏਰੀਆ ਵਿਚ ਅਜਿਹੇ ਬੱਚਿਆਂ ਦੀ ਨਿਸ਼ਾਨਦੇਹੀ ਕਰਨ ਜਿਹਨਾਂ ਦਾ ਟੀਕਾਕਰਣ ਅਧੂਰਾ ਹੈ ਤਾਂ ਕਿ ਉਸ ਨੂੰ ਪੂਰਾ ਕੀਤਾ ਜਾ ਸਕੇ।