ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿੱਚ ਲਗਾਇਆ ਗਿਆ ਸਟੈਂਮ ਸੈੱਲ ਜਾਗਰੂਕਤਾ ਅਤੇ ਪੰਜੀਕਰਨ ਕੈਂਪ
ਹੁਸ਼ਿਆਰਪੁਰ : ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਹੇਮਾ ਸ਼ਰਮਾ, ਉਪ ਪ੍ਰਧਾਨ ਸ਼੍ਰੀ ਚਤਰਭੁੂਸ਼ਣ ਜੋਸ਼ੀ ਜੀ,ਸਕੱਤਰ ਸ਼੍ਰੀ ਸ਼੍ਰੀ ਗੋਪਾਲ ਸ਼ਰਮਾ, ਸੰਯੁਕਤ ਸਕੱਤਰ ਸ਼੍ਰੀ ਤਿਲਕ ਰਾਜ ਸ਼ਰਮਾ, ਕੈਸ਼ੀਅਰ ਸ਼੍ਰੀ ਪ੍ਰਮੋਦ ਸ਼ਰਮਾ, ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਪ੍ਰਸ਼ਾਂਤ ਸੇਠੀ ਦੇ ਮਾਰਗਦਰਸ਼ਨ ਵਿਚ ਰਾਮਾ ਯੁੱਧ ਮੈਮੋਰੀਅਲ ਹੈਲਥ ਕਲੀਨਿਕ, ਰੈਡ ਰਿਬਨ ਕਲੱਬ ਤੇ ਬਾਇਓਟੈਕਨਾਲੌਜੀ ਵਿਭਾਗ ਦੀ ਦੇਖ ਰੇਖ ਵਿੱਚ ਆਈ.ਕਿਉ.ਏ.ਸੀ, ਅਰਜਨ ਵੀਰ ਫਾਊਂਡੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦੇ ਸਹਿਯੋਗ ਅਤੇ ਸਮਰਥਨ ਨਾਲ ਸਟੈਮ ਸੈੱਲ ਜਾਗਰੂਕਤਾ ਅਤੇ ਪੰਜੀਕਰਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨਾਂ ਵਿੱਚੋਂ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਤੋਂ ਸਹਾਇਕ ਕਮਿਸ਼ਨਰ ਦਿਵਿਆ ਪੀ ( ਆਈ.ਏ. ਐੱਸ.), ਸ਼੍ਰੀ ਨਰੇਸ਼ ਗੁਪਤਾ, ਕਨਵੀਨਰ, ਸਟੈੱਮ ਸੈੱਲ ਡਿਪੋਜੀਟਰੀ ਹੁਸ਼ਿਆਰਪੁਰ ਅਤੇ ਅਰਜਨ ਵੀਰ ਫਾਊਂਡੇਸ਼ਨ ਤੋਂ ਸ਼੍ਰੀਮਤੀ ਸਿੰਮੀ ਸਿੰਘ ਅਤੇ ਸ਼੍ਰੀਮਤੀ ਜਸਲੀਨ ਗਰਚਾ ਸ਼ਾਮਿਲ ਸਨ। ਪ੍ਰੋਗਰਾਮ ਦੀ ਸ਼ੁਰੂਆਤ ਜੋਤੀ ਪ੍ਰਜਵਲਿਤ ਕਰਦਿਆਂ ਕੀਤੀ ਗਈ।
ਕਾਰਜਕਾਰੀ ਪ੍ਰਿੰ. ਪ੍ਰਸ਼ਾਂਤ ਸੇਠੀ ਨੇ ਮੁੱਖ ਮਹਿਮਾਨਾਂ ਦਾ ਸੁਆਗਤ ਕੀਤਾ। ਇਸ ਉਪਰੰਤ ਉਹਨਾਂ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸਟੈੱਮ ਸੈੱਲ ਦਾਨ ਕਰਨ ਲਈ ਰਜਿਸਟ੍ਰੇਸ਼ਨ ਕਰਵਾਉਣ ਦੇ ਨੇਕ ਕਾਰਜ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਜੈਕਟ ਕਨਵੀਨਰ ਨਰੇਸ਼ ਗੁਪਤਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਅਰਜਨ ਵੀਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ ਸਟੈੱਮ ਸੈੱਲ ਸਕੀਮ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਲੱਡ ਕੈਂਸਰ, ਥੈਲੇਸੀਮੀਆ, ਜੈਨੇਟਿਕ ਵਿਕਾਰ ਵਰਗੀਆਂ ਕਈ ਜਾਨਲੇਵਾ ਬਿਮਾਰੀਆਂ ਲਈ ਸਟੈੱਮ ਸੈੱਲ ਥੈਰੇਪੀ ਬਹੁਤ ਕਾਰਗਰ ਹੈ ਅਤੇ ਇਸ ਥੈਰੇਪੀ ਦੀ ਵਰਤੋਂ ਨਾਲ ਇਨ੍ਹਾਂ ਜਾਨਲੇਵਾ ਬਿਮਾਰੀਆਂ ਦਾ ਇਲਾਜ ਸੰਭਵ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਸੰਯੁਕਤ ਰਾਜ ਵਿੱਚ ਬਲੱਡ ਕੈਂਸਰ ਦੇ ਮਰੀਜ਼ਾਂ ਦੇ ਬਚਾਅ ਦੀ ਦਰ, ਜੋ ਕਿ ਲਗਭਗ 70% ਹੈ, ਅਤੇ ਭਾਰਤ ਵਿੱਚ ਇਹ 1% ਪ੍ਰਤੀਸ਼ਤ ਤੋਂ ਵੀ ਘੱਟ ਹੈ, ਵਿਚਕਾਰ ਤੁਲਨਾ ਕੀਤੀ।
ਅਰਜਨ ਵੀਰ ਫਾਊਂਡੇਸ਼ਨ ਤੋਂ ਸੀ.ਈ. ਓ. ਜਸਲੀਨ ਗਰਚਾ ਨੇ ਵਿਦਿਆਰਥੀਆਂ ਨੂੰ ਸਟੈੱਮ ਸੈੱਲ ਰਜਿਸਟ੍ਰੇਸ਼ਨ ਪ੍ਰੋਜੈਕਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਸ ਤਰ੍ਹਾਂ ਰਜਿਸਟ੍ਰੇਸ਼ਨ ਰਾਹੀਂ ਅਸੀਂ ਕਿਸੇ ਵੀ ਲੋੜਵੰਦ ਬਿਮਾਰ ਵਿਅਕਤੀ ਨੂੰ ਠੀਕ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਇਸ ਤੋਂ ਬਾਅਦ ਸ੍ਰੀਮਤੀ. ਦਿਵਿਆ ਪੀ (ਆਈ.ਏ.ਐਸ.), ਹੁਸ਼ਿਆਰਪੁਰ ਦੇ ਸਹਾਇਕ ਕਮਿਸ਼ਨਰ ਨੇ ਕਾਲਜ ਅਤੇ ਅਰਜਨ ਵੀਰ ਫਾਊਂਡੇਸ਼ਨ ਦਾ ਧੰਨਵਾਦ ਕੀਤਾ ਕਰਦਿਆਂ ਇਸ ਪ੍ਰੋਗਰਾਮ ਦੀ ਸਰਾਹਨਾ ਕੀਤੀ ਅਤੇ ਵਿਦਿਆਰਥੀਆਂ ਦੀ ਇਸ ਤਰ੍ਹਾਂ ਦੀ ਸਰਗਰਮ ਸਮਾਜਿਕ ਸ਼ਮੂਲੀਅਤ ਦੀ ਵੀ ਸ਼ਲਾਘਾ ਕੀਤੀ। ਉਹਨਾਂ ਕਾਲਜ ਪ੍ਰਬੰਧਕ ਕਮੇਟੀ ਅਤੇ ਵਿਦਿਆਰਥੀਆਂ ਦੀ ਲਗਨ ਅਤੇ ਅਟੁੱਟ ਸਹਿਯੋਗ ਲਈ ਇਸ ਮਹਾਨ ਸੰਸਥਾ ਦੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਇਸਦੇ ਨਾਲ ਹੀ ਉਹਨਾਂ ਕਾਲਜ ਦੇ ਅਰਨ ਵਾਇਲ ਯੂ ਲਰਨ ਗਰੁੱਪ ਵਲੋਂ ਬੇਕਰੀ ਅਤੇ ਆਰਟ ਐਂਡ ਕਰਾਫਟ ਆਈਟਮਸ ਦੀ ਲਗਾਈ ਪ੍ਦਰਸ਼ਨੀ ਦਾ ਵੀ ਮੁਆਇਨਾ ਕੀਤਾ ਅਤੇ ਵਿਦਿਆਰਥੀਆਂ ਦੇ ਹੁਨਰ ਬਾਰੇ ਪ੍ਸੰਸਾਤਮਕ ਟਿੱਪਣੀਆਂ ਕੀਤੀਆਂ।
ਅਰਜਨ ਵੀਰ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਕਨਵੀਨਰ ਸ਼੍ਰੀਮਤੀ ਸਿੰਮੀ ਸਿੰਘ ਨੇ ਆਪਣੀ ਸੰਸਥਾ ਬਾਰੇ ਜਾਣਕਾਰੀ ਦਿੰਦਿਆਂ ਬਲੱਡ ਕੈਂਸਰ ਨਾਲ ਪੀੜਿਤ ਆਪਣੇ ਮ੍ਰਿਤਕ ਪੁੱਤਰ ਸਵਰਗੀ ਅਰਜਨ ਵੀਰ ਦੀ ਯਾਦ ਵਿੱਚ ਭਾਰਤ ਵਿੱਚ ਸਟੈੱਮ ਸੈੱਲ ਰਜਿਸਟਰੇਸ਼ਨ ਵਰਗੀ ਸੰਸਥਾ ਸਥਾਪਤ ਕਰਨ ਦੀ ਪਹਿਲ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਸਟੈੱਮ ਸੈੱਲ ਦਾਨ ਲਈ ਰਜਿਸਟ੍ਰੇਸ਼ਨ ਕਰਵਾਉਣ ਵਿੱਚ ਉਤਸ਼ਾਹ ਨਾਲ ਭਾਗ ਲਿਆ ਅਤੇ ਲਗਭਗ 160 ਓਰਲ ਸਲਾਇਬਾ ਨਮੂਨੇ ਇੱਕਤਿ੍ਤ ਕੀਤੇ ਗਏ। ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਮੇਘਾ ਦੂਆ ਨੇ ਬਾਖੂਬੀ ਨਿਭਾਈ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋ.ਵਿਪਨ ਕੁਮਾਰ ਨੇ ਸਾਰੇ ਹਾਜ਼ਰੀਨ ਅਤੇ ਵਿਦਿਆਰਥੀਆਂ ਦਾ ਇਸ ਸਮਾਗਮ ਪ੍ਰਤਿ ਸਹਿਯੋਗ ਅਤੇ ਉਤਸ਼ਾਹ ਲਈ ਧੰਨਵਾਦ ਕੀਤਾ।