ਸਰਕਾਰੀ ਦਫ਼ਤਰਾਂ ’ਚ ਸੀਨੀਅਰ ਸਿਟੀਜ਼ਨਜ਼ ਨੂੰ ਦਿੱਤਾ ਜਾਵੇ ਪੂਰਾ ਸਨਮਾਨ : ਕੋਮਲ ਮਿੱਤਲ
ਹੁਸ਼ਿਆਰਪੁਰ, 9 ਫਰਵਰੀ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੀਨੀਅਰ ਸਿਟੀਜ਼ਨਜ਼ ਨੂੰ ਸੁਵਿਧਾਵਾਂ ਦੇਣ ਅਤੇ ਭਲਾਈ ਸਬੰਧੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਸਾਲ 2023-24 ਦੀ ਤੀਸਰੀ ਤਿਮਾਹੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਵਿਭਾਗਾਂ ਦੇ ਮੁੱਖੀਆਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਸਰਕਾਰੀ ਦਫ਼ਤਰਾਂ ਵਿਚ ਬਜ਼ੁਰਗਾਂ ਦਾ ਸਨਮਾਨ ਬਹਾਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸੀਨੀਅਰ ਸਿਟੀਜ਼ਨਜ਼ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ, ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨ ਪਵੇ। ਇਸ ਮੌਕੇ ਉਨ੍ਹਾਂ ਨਾਲ ਐਸ.ਪੀ (ਹੈਡਕੁਆਟਰ) ਮਨੋਜ ਕੁਮਾਰ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮਨਪ੍ਰੀਤ ਸਿੰਘ ਵੀ ਮੌਜੂਦ ਸਨ।
ਪੰਜਾਬ ਰੋਡਵੇਜ ਦੀਆਂ ਬੱਸਾਂ ’ਚ ਸਮੱਸਿਆ ਆਉਣ ’ਤੇ ਸੀਨੀਅਰ ਸਿਟੀਜਨ ਟੋਲ ਫਰੀ ਨੰਬਰ 14567 ’ਤੇ ਕਰ ਸਕਦੇ ਹਨ ਸ਼ਿਕਾਇਤ
ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਪਿਛਲੀ ਤਿਮਾਹੀ ਮੀਟਿੰਗ ਦੀ ਸਮੀਖਿਆ ਕੀਤੀ। ਉਨ੍ਹਾਂ ਲੀਡ ਬੈਂਕ ਅਫ਼ਸਰ ਨੂੰ ਨਿਰਦੇਸ਼ ਦਿੱਤੇ ਕਿ ਉਹ ਜ਼ਿਲ੍ਹੇ ਦੇ ਸਮੂਹ ਬੈਂਕਾਂ ਨੂੰ ਨਿਰਦੇਸ਼ ਦੇਣ ਕਿ ਬੈਂਕਾਂ ਵਿਚ ਸੀਨੀਅਰ ਸਿਟੀਜ਼ਨਜ਼ ਦਾ ਪੂਰਾ ਸਨਮਾਨ ਕੀਤਾ ਜਾਵੇ ਅਤੇ ਉਨ੍ਹਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣ। ਉਨ੍ਹਾਂ ਸਕੱਤਰ ਆਰ.ਟੀ.ਏ ਅਤੇ ਜੀ.ਐਮ ਰੋਡਵੇਜ਼ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਸਰਕਾਰੀ ਬੱਸਾਂ ਵਿਚ ਸੀਨੀਅਰ ਸਿਟੀਜ਼ਨਜ਼ ਦੀਆਂ ਰਿਜ਼ਰਵ ਸੀਟਾਂ ’ਤੇ ਕੇਵਲ ਸੀਨੀਅਰ ਸਿਟੀਜ਼ਨਜ਼ ਦਾ ਬੈਠਣਾ ਯਕੀਨੀ ਬਣਾਉਣ, ਇਸ ਤੋਂ ਇਲਾਵਾ ਪ੍ਰੈਸ਼ਰ ਹਾਰਨਾਂ ’ਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇ, ਕਿਉਂਕਿ ਇਹ ਪ੍ਰੈਸ਼ਰ ਹਾਰਨ ਬਜ਼ੁਰਗਾਂ ਲਈ ਹਾਨੀਕਾਰਕ ਸਾਬਤ ਹੋ ਸਕਦੇ ਹਨ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਲੱਗਣ ਵਾਲੀ ਲਾਈਨ ਵਿਚ ਸੀਨੀਅਰ ਸਿਟੀਜ਼ਨਜ਼ ਨੂੰ ਪਹਿਲ ਦੇ ਆਧਾਰ ’ਤੇ ਪਰਚੀ ਦੇਣ ਦੇ ਨਿਰਦੇਸ਼ ਦਿੱਤੇ।
ਕੋਮਲ ਮਿੱਤਲ ਨੇ ਪੋਸਟ ਵਿਭਾਗ, ਐਲ.ਆਈ.ਸੀ, ਪਾਵਰ ਕਾਰਪੋਰੇਸ਼ਨ ਅਤੇ ਰੇਲਵੇ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਪਣੇ ਵਿਭਾਗਾਂ ਵਿਚ ਕੰਮ ਕਰਵਾਉਣ ਆਏ ਲੋਕਾਂ ਵਿਚ ਸੀਨੀਅਰ ਸਿਟੀਜ਼ਨਜ਼ ਨੂੰ ਪਹਿਲ ਦੇਣ ਅਤੇ ਉਨ੍ਹਾਂ ਦਾ ਪੂਰਾ ਮਾਣ-ਸਨਮਾਨ ਕਰਨ। ਇਸ ਮੌਕੇ ਕਮੇਟੀ ਮੈਂਬਰ ਵਲੋਂ ਦੱਸਿਆ ਕਿ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿਚ ਸੀਨੀਅਰ ਸਿਟੀਜ਼ਨਜ਼ ਦੀ ਸੁਵਿਧਾ ਲਈ ਇਕ ਟੋਲ ਫਰੀ ਨੰਬਰ 14567 ਜਾਰੀ ਕੀਤਾ ਗਿਆ ਹੈ, ਇਸ ਨੰਬਰ ’ਤੇ ਕੋਈ ਵੀ ਬਜ਼ੁਰਗ ਆਪਣੀ ਕੋਈ ਸ਼ਿਕਾਇਤ ਅਤੇ ਸਮੱਸਿਆ ਦਰਜ ਕਰਵਾ ਸਕਦਾ ਹੈ। ਇਸ ਮੌਕੇ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਤੋਂ ਜਰਨੈਲ ਸਿੰਘ ਧੀਰ, ਕੁਲਦੀਪ ਸਿੰਘ, ਸਿਵਲ ਸਰਜਨ ਦਫ਼ਤਰ ਤੋਂ ਡਾ.ਅਨੀਤਾ ਕਟਾਰੀਆ, ਐਲ.ਆਈ.ਸੀ. ਤੋਂ ਐਨ.ਐਨ. ਵਾਸੂਦੇਵ, ਲੀਡ ਜ਼ਿਲ੍ਹਾ ਮੈਨੇਜਰ ਰਾਜੇਸ਼ ਜੋਸ਼ੀ, ਗੁਰਮੀਤ ਸਿੰਘ, ਅਵਤਾਰ ਸਿੰਘ, ਪੁਨੀਤ ਕੁਮਾਰ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।