ਜਾਗਰੂਕਤਾ ਨਾਲ ਹੀ ਡੇਂਗੂ ਤੇ ਕਾਬੂ ਪਾਇਆ ਜਾ ਸਕਦਾ ਹੈ: ਡਾ ਜਗਦੀਪ ਸਿੰਘ
ਹੁਸ਼ਿਆਰਪੁਰ, 01 ਸਤੰਬਰ: ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਡਮਾਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲੇ ਦੇ ਵੱਖ ਵੱਖ ਬਲਾਕਾਂ ਵਿਚ “ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ” ਮੁਹਿੰਮ ਦੇ ਤਹਿਤ ਜ਼ਿਲੇ ਦੇ ਵੱਖ ਬਲਾਕਾਂ ਵਿਚ ਵੱਡੇ ਪੱਧਰ ਤੇ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ। ਡੇਂਗੂ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਐਪੀਡੀਮੋਲੋਜਿਸਟ ਡਾ ਜਗਦੀਪ ਸਿੰਘ ਦੀ ਯੋਗ ਅਗਵਾਈ ਹੇਠ ਅੱਜ ਸਿਹਤ ਵਿਭਾਗ ਹੁਸ਼ਿਆਰਪਰ ਦੀ ਐਂਟੀ ਲਾਰਵਾ ਟੀਮ ਵਲੋਂ ਹੁਸ਼ਿਆਰਪੁਰ ਦੇ ਸ਼ਹਿਰੀ ਖੇਤਰ ਗੋਕਲ ਨਗਰ, ਪੁਰਹੀਰਾਂ, ਕਮਾਲਪੁਰ, ਗਊਸ਼ਾਲਾ ਬਾਜ਼ਾਰ, ਜਗਤਪੁਰਾ ‘ਚ 925 ਘਰਾਂ ਵਿਚ ਵਿਜਿਟ ਕੀਤਾ ਗਿਆ। ਜਿਨ੍ਹਾਂ 39 ਘਰਾਂ ‘ਚੋਂ ਡੇਂਗੂ ਦਾ ਲਾਰਵਾ ਮਿਲਿਆ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ। ਇਨ੍ਹਾਂ ਵਿਚੋਂ 2 ਚਲਾਨ ਵੀ ਕੱਟੇ ਗਏ। ਘਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਪਾਣੀ ਦੀ ਨਿਕਾਸੀ ਸੰਬੰਧੀ ਜਾਗਰੂਕ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਲਾਰਵੀਸਾਈਡ ਸਪਰੇਅ ਕੀਤੀ ਵੀ ਕੀਤੀ ਗਈ। ਲੋਕਾਂ ਨੂੰ ਕੰਟੇਨਰਾਂ ਨੂੰ ਪਾਣੀ ਤੋਂ ਮੁਕਤ ਰੱਖਣ ਅਤੇ ਕੰਟੇਨਰਾਂ, ਕੂਲਰਾਂ, ਮਿੱਟੀ ਦੇ ਬਰਤਨਾਂ, ਰੱਦ ਕੀਤੀਆਂ ਚੀਜ਼ਾਂ, ਜਾਨਵਰਾਂ/ਪੰਛੀਆਂ ਦੇ ਪਾਣੀ ਦੇ ਬਰਤਨਾਂ ਆਦਿ ਨੂੰ ਹਫ਼ਤੇ ਚ ਘੱਟੋ-ਘੱਟ ਇੱਕ ਵਾਰ ਸਾਫ਼ ਕਰਨ ਅਤੇ ਪਾਣੀ ਦੀ ਨਿਕਾਸੀ ਕਰਨ ਲਈ ਕਿਹਾ। ਇਕ ਹਫ਼ਤੇ ਤੋਂ ਡੇਂਗੂ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ, ਕਿਉਂਕਿ ਮੱਛਰ ਪੈਦਾ ਹੋਣ ਦਾ ਮੌਸਮ ਅਨੁਕੂਲ ਹੈ ਅਤੇ ਆਮ ਲੋਕਾਂ ਵਿਚ ਜਾਗਰੂਕਤਾ ਦੀ ਘਾਟ ਅਤੇ ਡੇਂਗੂ ਰੋਕੂ ਗਤੀਵਿਧੀਆਂ ਚ ਕੋਈ ਸ਼ਮੂਲੀਅਤ ਨਹੀਂ ਹੈ। ਜਿਸ ਕਾਰਨ ਸਿਹਤ ਟੀਮਾਂ ਨੂੰ ਵਾਰ-ਵਾਰ ਇੱਕੋ ਘਰਾਂ ਵਿੱਚ ਏਡੀਜ਼ ਮੱਛਰ ਦਾ ਲਾਰਵਾ ਮਿਲ ਰਿਹਾ ਹੈ। ਡੇਂਗੂ ਤੋਂ ਬਚਣ ਲਈ ਸਵੇਰੇ ਸ਼ਾਮ ਪੂਰੀ ਬਾਂਹ ਅਤੇ ਪੂਰਾ ਲੋਅਰ ਪਾ ਕੇ ਰੱਖਿਆ ਜਾਵੇ। ਮੱਛਰਾਂ ਤੋਂ ਬਚਣ ਲਈ ਮੱਛਰਦਾਨੀ ਅਤੇ ਰਿਪੈਲੈਂਟ ਦਾ ਪ੍ਰਯੋਗ ਕੀਤਾ ਜਾਵੇ। ਡਾ ਜਗਦੀਪ ਸਿੰਘ ਨੇ ਸ਼ਹਿਰ ਦੇ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਡੇਂਗੂ ਤੋਂ ਬਚਣ ਲਈ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਨਿਭਾਵੇ। ਡੇਂਗੂ ਦੇ ਲੱਛਣ ਨਜ਼ਰ ਆਉਣ ਤੇ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ ।