ਅੱਜ ਤੋਂ ਪੰਜਾਬ ਦੇ ਟੋਲ ਪਲਾਜ਼ਾ ਦੀ ਫੀਸ ‘ਚ ਹੋਇਆ ਵਾਧਾ
ਲੁਧਿਆਣਾ,01 ਸਤੰਬਰ: ਨੈਸ਼ਨਲ ਹਾਈਵੇ ’ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਬੈਰੀਅਰ ’ਤੇ ਹਰ ਸਾਲ ਵਾਂਗ ਇਸ ਸਾਲ ਵੀ ਟੋਲ ਫੀਸ ’ਚ ਵਾਧਾ ਕੀਤਾ ਗਿਆ ਹੈ, ਜੋ 1 ਸਤੰਬਰ ਤੋਂ ਲਾਗੂ ਹੋ ਜਾਵੇਗਾ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਪਾਣੀਪਤ ਤੋਂ ਲੈ ਕੇ ਅੰਮ੍ਰਿਤਸਰ ਤੱਕ ਸਾਰੇ ਟੋਲ ਪਲਾਜ਼ਿਆਂ ਦੇ ਰੇਟਾਂ ਵਿਚ 31 ਅਗਸਤ ਦੀ ਰਾਤ 12 ਵਜੇ ਤੋਂ ਟੋਲ ਫੀਸ ’ਚ ਵਾਧਾ ਕਰ ਕੇ ਹੁਣ 10 ਤੋਂ 15 ਫੀਸਦੀ ਜ਼ਿਆਦਾ ਟੋਲ ਵਸੂਲਿਆ ਜਾਵੇਗਾ।
ਅੱਜ ਲਾਡੋਵਾਲ ਟੋਲ ਪਲਾਜ਼ਾ ’ਤੇ ਪੁਰਾਣੀਆਂ ਰੇਟ ਲਿਸਟਾਂ ਉਤਾਰ ਕੇ ਨਵੀਆਂ ਵਧੇ ਹੋਏ ਰੇਟਾਂ ਦੀਆਂ ਲਿਸਟਾਂ ਲਗਾ ਦਿੱਤੀਆਂ ਗਈਆਂ ਹਨ ਅਤੇ ਰਾਤ 12 ਵਜੇ ਤੋਂ ਇਹ ਨਵੀਆਂ ਦਰਾਂ ਵਾਹਨਾਂ ’ਤੇ ਲਾਗੂ ਕਰ ਦਿੱਤੀਆਂ ਜਾਣਗੀਆਂ। ਜਦੋਂ ਇਸ ਟੋਲ ਰੇਟ ’ਚ ਹੋਏ ਵਾਧੇ ਸਬੰਧੀ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਅਨੂਪ ਦਾਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਡੀ ਕੰਪਨੀ ਵੱਲੋਂ ਲੋਕਲ ਮਹੀਨਾ ਪਾਸ ਪੁਰਾਣੇ ਰੇਟ ’ਤੇ ਹੀ ਬਣਾਏ ਜਾ ਰਹੇ ਹਨ। ਉਨ੍ਹਾਂ ’ਚ ਕੋਈ ਵੀ ਵਾਧਾ ਨਹੀਂ ਹੋਇਆ ਹੈ।