ਜ਼ਿਲ੍ਹਾ ਰੋਜ਼ਗਾਰ ਬਿਊਰੋ ਵੱਲੋਂ ਕਰਵਾਏ ਕਰੀਅਰ ਗਾਈਡੈਂਸ ਪ੍ਰੋਗਰਾਮ ਵਿਚ 275 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਲਿਆ ਭਾਗ
ਹੁਸ਼ਿਆਰਪੁਰ, 8 ਅਗਸਤ : ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਟਾਂਡਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਟਾਂਡਾ ਵਿਖੇ ਬਾਰ੍ਹਵੀਂ ਜਮਾਤ ਦੇ ਬੱਚਿਆਂ ਲਈ ਕਰੀਅਰ ਗਾਈਡੈਂਸ ਪ੍ਰੋਗਰਾਮ ਕਰਵਾਇਆ ਗਿਆ। ਇਸ ਕਰੀਅਰ ਗਾਈਡੈਂਸ ਪ੍ਰੋਗਰਾਮ ਵਿਚ ਦੋਵੇਂ ਸਬੰਧਤ ਸਕੂਲਾਂ ਦੇ ਸਮੂਹ ਸਟਾਫ਼ ਤੋਂ ਇਲਾਵਾ 275 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਕਰੀਅਰ ਗਾਈਡੈਂਸ ਪ੍ਰੋਗਰਾਮ ਦੀ ਦੌਰਾਨ ਕਰੀਅਰ ਕਾਊਂਸਲਰ ਅਦਿੱਤਿਆ ਰਾਣਾ ਨੇ ਵਿਦਿਆਰਥੀਆਂ ਨੂੰ ਰੁਜ਼ਗਾਰ ਬਿਊਰੋ ਦੀ ਮਹੱਤਤਾ ਅਤੇ ਬਿਊਰੋ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਜਿਵੇਂ ਕਿ ਕਰੀਅਰ ਕਾਊਂਸਲਿੰਗ ਬਾਰੇ ਜਾਣਕਾਰੀ ਦਿੱਤੀ ਅਤੇ ਆਈ. ਟੀ. ਆਈ ਕੋਰਸ, ਡਿਪਲੋਮਾ ਅਤੇ ਡਿਗਰੀ ਕੋਰਸ, ਪਲੇਸਮੈਂਟ ਸੈੱਲ ਵੱਲੋਂ ਕੀਤੇ ਜਾ ਰਹੇ ਜੌਬ ਪਲੇਸਮੈਂਟ ਦੇ ਯਤਨਾਂ, ਰੋਜ਼ਗਾਰ ਬਿਊਰੋ ਰਾਹੀਂ ਮੁਹੱਈਆ ਕਰਵਾਈਆਂ ਜਾਂਦੀਆਂ ਮੁਫਤ ਇੰਟਰਨੈੱਟ ਸੇਵਾਵਾਂ, ਸਵੈ-ਰੁਜ਼ਗਾਰ ਸਕੀਮਾਂ, ਪੰਜਾਬ ਸਰਕਾਰ ਦੀਆਂ ਨੌਕਰੀਆਂ ਅਤੇ ਬੈਂਕਿੰਗ ਸੈਕਟਰ ਦੀਆਂ ਨੌਕਰੀਆ, ਥੋੜ੍ਹੇ ਸਮੇਂ ਦੇ ਤਕਨੀਕੀ ਕੋਰਸਾਂ ਅਤੇ ਨੈਸ਼ਨਲ ਕਰੀਅਰ ਸਰਵਿਸਿਜ਼ ਪੋਰਟਲ ’ਤੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਰੋਜ਼ਗਾਰ ਦਫ਼ਤਰ ਦੀ ਮੋਬਾਈਲ ਐਪ ‘ਡੀਬੀਬੀਈ ਆਨਲਾਈਨ’ ਗੂਗਲ ਪਲੇਅ ਸਟੋਰ ਰਾਹੀਂ ਡਾਊਨਲੋਡ ਕਰਕੇ ਘਰ ਬੈਠੇ ਹੀ ਪ੍ਰਾਈਵੇਟ ਨੌਕਰੀਆਂ ਦੀ ਭਰਤੀ ਅਤੇ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਲੈਣ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਆਪਣੇ ਭਵਿੱਖ ਦੇ ਕਰੀਅਰ ਸਬੰਧੀ ਹੁਣ ਤੋਂ ਹੀ ਆਪਣੀ ਯੋਜਨਾ ਬਣਾਉਣ ਲਈ ਕਿਹਾ ਗਿਆ ਅਤੇ ਜੇਕਰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਰੋਜ਼ਗਾਰ ਬਿਊਰੋ ਨਾਲ ਸੰਪਰਕ ਕਰਨ ਲਈ ਕਿਹਾ ਗਿਆ। ਇਸ ਕਰੀਅਰ ਗਾਈਡੈਂਸ ਪ੍ਰੋਗਰਾਮ ਦੌਰਾਨ ਫੂਡ ਕਰਾਫਟ ਇੰਸਟੀਚਿਊਟ ਰਾਮ ਕਲੋਨੀ ਕੈਂਪ ਹੁਸ਼ਿਆਰਪੁਰ ਦੇ ਜ਼ਿਲ੍ਹਾ ਕੋਆਰਡੀਨੇਟਰ ਅਸ਼ਵਨੀ ਕੁਮਾਰ ਕੁੰਡਲ ਨੇ ਵਿਦਿਆਰਥੀਆਂ ਨੂੰ ਹੁਨਰ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਕੋਈ ਵੀ ਨੌਕਰੀ ਜਾਂ ਕਾਰੋਬਾਰ ਸ਼ੁਰੂ ਕਰਨ ਲਈ ਹੁਨਰ ਦੀ ਵਿਸ਼ੇਸ਼ ਮਹੱਤਤਾ ਹੈ ਅਤੇ ਫੂਡ ਕਰਾਫਟ ਇੰਸਟੀਚਿਊਟ ਹੁਸ਼ਿਆਰਪੁਰ ਪੂਰੇ ਭਾਰਤ ਦੀਆਂ 13 ਫੂਡ ਕਰਾਫਟ ਸੰਸਥਾਵਾਂ ਵਿੱਚੋਂ ਇੱਕ ਹੈ। ਇਸ ਵਿੱਚ ਵੱਖ-ਵੱਖ ਤਰ੍ਹਾਂ ਦੇ ਡਿਪਲੋਮਾ, ਡਿਗਰੀ ਅਤੇ ਥੋੜ੍ਹੇ ਸਮੇਂ ਦੇ ਕੋਰਸ ਕਰਵਾਏ ਜਾਂਦੇ ਹਨ ਅਤੇ ਇਨ੍ਹਾਂ ਕੋਰਸਾਂ ਦੌਰਾਨ ਵਿਦਿਆਰਥੀਆਂ ਨੂੰ 5-ਤਾਰਾ ਹੋਟਲਾਂ ਵਿਚ ਨੌਕਰੀ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਸਿਖਲਾਈ ਤੋਂ ਬਾਅਦ ਇਨ੍ਹਾਂ ਹੋਟਲਾਂ ਵੱਲੋਂ ਨੌਕਰੀਆਂ ਵੀ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਨੌਕਰੀ ਤੋਂ ਇਲਾਵਾ ਵਿਦਿਆਰਥੀ ਆਪਣਾ ਸਵੈ-ਰੁਜ਼ਗਾਰ ਵੀ ਸ਼ੁਰੂ ਕਰ ਸਕਦੇ ਹਨ ਅਤੇ ਵਿਦੇਸ਼ ਜਾ ਕੇ ਵੀ ਇਨ੍ਹਾਂ ਕੋਰਸਾਂ ਰਾਹੀਂ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ।