ਐਸ.ਡੀ.ਐਮ. ਨੇ ਭੰਗੀ ਚੋਅ ’ਚ ਹੋਏ ਨਾਜਾਇਜ਼ ਨਿਰਮਾਣ ਸਬੰਧੀ ਝੁੱਗੀ ਵਾਲਿਆਂ ਨੂੰ ਦਿੱਤਾ 15 ਦਿਨ ਦਾ ਅਲਟੀਮੇਟਮ
ਹੁਸ਼ਿਆਰਪੁਰ, 5 ਜੁਲਾਈ: ਐਸ.ਡੀ.ਐਮ. ਪ੍ਰੀਤਇੰਦਰ ਸਿੰਘ ਬੈਂਸ ਦੀ ਅਗਵਾਈ ਵਿਚ ਤਹਿਸੀਲਦਾਰ ਹੁਸ਼ਿਆਰਪੁਰ ਤੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਵਲੋਂ ਅੱਜ ਭੰਗੀ ਚੋਅ ਵਿਚ ਨਾਜਾਇਜ਼ ਨਿਰਮਾਣ ਕਰਕੇ ਬਣਾਈਆਂ ਗਈਆਂ ਝੁੱਗੀ ਵਾਲਿਆਂ ਨੂੰ ਹਟਾਉਣ ਸਬੰਧੀ 15 ਦਿਨਾਂ ਦਾ ਅਲਟੀਮੇਟਮ ਦੇ ਦਿੱਤਾ ਹੈ। ਐਸ.ਡੀ.ਐਮ ਨੇ ਨਿਰਦੇਸ਼ ਦਿੱਤੇ ਹਨ ਕਿ ਹੁਣ ਤੱਕ ਝੁੱਗੀ ਵਾਲੇ ਸ਼ਹਿਰ ਵਿਚ ਬਣਾਏ ਗਏ ਰੈਣ ਬਸੇਰਿਆਂ ਵਿਚ ਰਹਿਣ। ਇਸ ਦੌਰਾਨ ਝੁੱਗੀਆਂ ਵਿਚ ਰਹਿਣ ਵਾਲਿਆਂ ਨੇ ਪ੍ਰਸ਼ਾਸਨ ਦੀ ਗੱਲ ਮੰਨਦੇ ਹੋਏ ਹੜ੍ਹਾਂ ਦੇ ਸੀਜ਼ਨ ਵਿਚ ਝੁੱਗੀਆਂ ਖਾਲੀ ਕਰਨ ਦੀ ਗੱਲ ਮੰਨ ਲਈ ਹੈ। ਹਿਮਾਚਲ ਪ੍ਰਦੇਸ਼ ਤੇ ਹੁਸ਼ਿਆਰਪੁਰ ਵਿਚ ਭਾਰੀ ਬਾਰਸ਼ ਕਾਰਨ ਭੰਗੀ ਚੋਅ ਹੁਸ਼ਿਆਰਪੁਰ ਵਿਚ ਕਾਫ਼ੀ ਪਾਣੀ ਆ ਗਿਆ ਸੀ, ਜਿਸ ਦੇ ਚੱਲਦਿਆਂ ਅੱਜ ਵਿਭਾਗ ਦੇ ਅਧਿਕਾਰੀਆਂ ਨੇ ਜਿਥੇ ਅਨਾਊਂਸਮੈਂਟ ਰਾਹੀਂ ਸਾਰਿਆਂ ਨੂੰ ਸਾਵਧਾਨ ਕਰਦੇ ਹੋਏ ਝੁੱਗੀਆਂ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਝੁੱਗੀ ਵਾਲਿਆਂ ਨੂੰ ਦੱਸਿਆ ਕਿ ਉਹ ਡਰੇਨੇਜ਼ ਵਿਭਾਗ ਦੀ ਜ਼ਮੀਨ ’ਤੇ ਨਾਜਾਇਜ਼ ਰੂਪ ਵਿਚ ਰਹਿ ਰਹੇ ਹਨ, ਜੋ ਕਿ ਕਾਨੂੰਨੀ ਤੌਰ ’ਤੇ ਗਲਤ ਹੈ। ਉਨ੍ਹਾਂ ਕਿਹਾ ਕਿ ਚੋਅ ਵਿਚ ਬਾਰਸ਼ ਦਾ ਪਾਣੀ ਆਉਣ ਕਾਰਨ ਝੁੱਗੀਆਂ ਵਿਚ ਰਹਿਣ ਵਾਲਿਆਂ ਦੀ ਜਾਨ-ਮਾਲ ਨੂੰ ਖਤਰਾ ਹੈ।
ਐਸ.ਡੀ.ਐਮ. ਨੇ ਦੱਸਿਆ ਕਿ ਹੜ੍ਹ ਦੇ ਖਤਰੇ ਨੂੰ ਦੇਖਦੇ ਹੋਏ ਭੰਗੀ ਚੋਅ ਵਿਚ ਝੁੱਗੀਆਂ ਨੂੰ ਖਾਲੀ ਕਰਵਾ ਕੇ ਸ਼ਿਫਟ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭੰਗੀ ਚੋਅ ਵਿਚ ਕਾਫੀ ਸਮੇਂ ਤੋਂ ਨਾਜਾਇਜ਼ ਨਿਰਮਾਣ ਹੋਇਆ ਹੈ, ਜਿਸ ਸਬੰਧ ਵਿਚ ਉਨ੍ਹਾਂ ਨੇ ਕਬਜ਼ਾ ਹਟਾਉਣ ਸਬੰਧੀ ਕਈ ਵਾਰ ਅਪੀਲ ਕੀਤੀ ਅਤੇ ਨੋਟਿਸ ਜਾਰੀ ਕਰਕੇ ਮੁਨਾਦੀ ਵੀ ਕਰਵਾਈ ਗਈ ਹੈ, ਪਰੰਤੂ ਉਨ੍ਹਾਂ ਨੇ ਕਬਜ਼ਾ ਨਹੀਂ ਛੱਡਿਆ, ਜਿਸ ਦੇ ਚੱਲਦਿਆਂ ਅੱਜ ਉਨ੍ਹਾਂ ਦੀ ਜਾਨ-ਮਾਲ ਨੂੰ ਧਿਆਨ ਵਿਚ ਰੱਖਦੇ ਹੋਏ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਅਪੀਲ ਕਰਦੇ ਹੋਏ ਕਿਹਾ ਕਿ ਬਰਸਾਤਾਂ ਵਿਚ ਚੋਅ ਵਿਚ ਪਾਣੀ ਆਉਣ ਦਾ ਹਮੇਸ਼ਾ ਖਤਰਾ ਬਣਦਾ ਰਹਿੰਦਾ ਹੈ, ਜਿਸ ਦੇ ਚੱਲਦਿਆਂ ਜਿਥੇ ਜਾਨ-ਮਾਲ ਦਾ ਖਤਰਾ ਹੋਣਾ ਸੰਭਾਵਿਤ ਹੈ, ਉਥੇ ਕਾਨੂੰਨੀ ਤੌਰ ’ਤੇ ਵੀ ਇਹ ਗਲਤ ਹੈ। ਇਸ ਲਈ ਕੋਈ ਵੀ ਚੋਅ ਵਿਚ ਨਾਜਾਇਜ਼ ਨਿਰਮਾਣ ਨਾ ਕਰੇ।