ਬਕਾਇਆ ਟੈਕਸ ਤੁਰੰਤ ਜਮ੍ਹਾਂ ਕਰਵਾ ਕੇ ਸਰਕਾਰ ਦੀ ਇਸ ਸਕੀਮ ਦਾ ਲਾਭ ਉਠਾਉਣ ਸ਼ਹਿਰ ਵਾਸੀ – ਡਾ. ਅਮਨਦੀਪ ਕੌਰ

ਹੁਸ਼ਿਆਰਪੁਰ, 19 ਮਈ ( ਹਰਪਾਲ ਲਾਡਾ ): ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਆਮ ਪਬਲਿਕ ਦੀ ਪੁਰਜ਼ੋਰ ਮੰਗ ‘ਤੇ ਪਿਛਲੇ ਇਕਮੁਸ਼ਤ ਪ੍ਰਾਪਰਟੀ ਟੈਕਸ ਦਾ ਬਕਾਇਆ ਜਮ੍ਹਾ ਕਰਵਾਉਣ ‘ਤੇ ਲੱਗੇ ਵਿਆਜ਼ ਅਤੇ ਜ਼ੁਰਮਾਨੇ ਦੀ ਛੋਟ ਦੇਣ ਸਬੰਧੀ ਸਕੀਮਾਂ ਲਾਗੂ ਕੀਤੀਆਂ ਗਈਆਂ ਸਨ ਅਤੇ ਇਸ ਸਕੀਮ ਦਾ ਆਮ ਪਬਲਿਕ ਵੱਲੋਂ ਭਰਵਾਂ ਹੁੰਗਾਰਾ ਦਿੰਦੇ ਹੋਏ ਪ੍ਰਾਪਰਟੀ ਟੈਕਸ ਦੇ ਬਕਾਏ ਭਾਰੀ ਮਾਤਰਾ ਵਿਚ ਜਮ੍ਹਾ ਕਰਵਾਏ ਗਏ।
ਹੁਣ ਇਕ ਵਾਰ ਫਿਰ ਆਮ ਪਬਲਿਕ ਦੀ ਪੁਰਜ਼ੋਰ ਮੰਗ ਅਤੇ ਉਨ੍ਹਾਂ ਦੇ ਇਸ ਸਕੀਮ ਸਬੰਧੀ ਦਿਖਾਏ ਉਤਸ਼ਾਹ ਦੇ ਮੱਦੇਨਜ਼ਰ ਸਰਕਾਰ ਵੱਲੋਂ ਇਹ ਸਕੀਮ ਮੁੜ ਤੋਂ ਲਾਗੂ ਕੀਤੀ ਗਈ ਹੈ, ਜਿਸ ਅਨੁਸਾਰ ਕੋਈ ਵੀ ਬਕਾਏਦਾਰ ਆਪਣੀ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਜਿਵੇਂ ਕਿ ਘਰੇਲੂ, ਕਮਰਸ਼ੀਅਲ ਅਤੇ ਇੰਡਸਟਰੀਅਲ ਦਾ ਬਕਾਇਆ ਰਹਿੰਦਾ ਟੈਕਸ ਜੇਕਰ 31 ਜੁਲਾਈ 2025 ਤੱਕ ਇਕਮੁਸ਼ਤ ਜਮ੍ਹਾ ਕਰਵਾਉਂਦਾ ਹੈ ਤਾਂ ਉਸ ਨੂੰ ਵਿਆਜ਼ ਅਤੇ ਜ਼ੁਰਮਾਨੇ ਦੀ ਪੂਰੀ (100 ਫੀਸਦੀ) ਮੁਆਫ਼ੀ ਦਿੱਤੀ ਜਾਵੇਗੀ।


ਅਰਥਾਤ ਉਸ ਨੂੰ ਕੋਈ ਵੀ ਵਿਆਜ਼ ਜਾਂ ਜ਼ੁਰਮਾਨਾ ਅਦਾ ਨਹੀਂ ਕਰਨਾ ਪਵੇਗਾ। ਉਸ ਨੂੰ ਕੇਵਲ ਮੂਲ ਟੈਕਸ ਹੀ ਅਦਾ ਕਰਨਾ ਪਵੇਗਾ। ਪਰ ਜੇਕਰ ਬਕਾਏਦਾਰ ਵੱਲੋਂ ਬਕਾਇਆ ਟੈਕਸ 31 ਜੁਲਾਈ 2025 ਤੋਂ ਬਾਅਦ ਪਰੰਤੂ 31 ਅਕਤੂਬਰ 2025 ਤੱਕ ਇਕ ਮੁਸ਼ਤ ਜਮ੍ਹਾ ਕਰਵਾਇਆ ਜਾਂਦਾ ਹੈ ਤਾਂ ਵਿਆਜ਼ ਅਤੇ ਜ਼ੁਰਮਾਨੇ ‘ਤੇ ਅੱਧੀ (50 ਫੀਸਦੀ) ਮੁਆਫ਼ੀ ਦਿੱਤੀ ਜਾਵੇਗੀ।

ਇਸ ਲਈ ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਜਿਵੇਂ ਘਰੇਲੂ, ਕਮਰਸ਼ੀਅਲ ਅਤੇ ਇੰਡਸਸਟਰੀਅਲ ਆਦਿ ਦਾ ਬਕਾਇਆ ਟੈਕਸ ਤੁਰੰਤ ਜਮ੍ਹਾਂ ਕਰਵਾ ਕੇ ਸਰਕਾਰ ਦੀ ਇਸ ਸਕੀਮ ਦਾ ਲਾਭ ਉਠਾਉਣ।