ਸਕੂਲੀ ਬੱਚਿਆਂ ਦੀ ਸੁਰੱਖਿਅਤ ਆਵਾਜਾਈ ਦੇ ਮਾਮਲੇ ‘ਚ ਕੋਈ ਕੁਤਾਹੀ ਬਖ਼ਸ਼ੀ ਨਹੀਂ ਜਾਵੇਗੀ: ਡਿਪਟੀ ਕਮਿਸ਼ਨਰ

ਪਟਿਆਲਾ, 17 ਮਈ ( ਹਰਪਾਲ ਲਾਡਾ ) : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਹੈ ਕਿ ਸਕੂਲ ਜਾਂਦੇ ਬੱਚਿਆਂ ਦੀ ਸੁਰੱਖਿਅਤ ਆਵਾਜਾਈ ਦੇ ਮਾਮਲੇ ਵਿੱਚ ਸਕੂਲਾਂ, ਮਾਪਿਆਂ, ਟਰਾਂਸਪੋਰਟ ਜਾਂ ਕਿਸੇ ਵਿਭਾਗੀ ਪੱਧਰ ‘ਤੇ ਹੋਈ ਕੋਈ ਵੀ ਕੁਤਾਹੀ, ਬਖ਼ਸ਼ਣਯੋਗ ਨਹੀਂ ਹੋਵੇਗੀ। ਸੇਫ਼ ਸਕੂਲ ਵਾਹਨ ਸਬੰਧੀ ਇੱਕ ਮੀਟਿੰਗ ਕਰਦਿਆਂ ਕਿਹਾ ਕਿ ਸਕੂਲ, ਮਾਪਿਆਂ, ਟਰਾਂਸਪੋਰਟ ਜਾਂ ਕਿਸੇ ਵੀ ਵਿਭਾਗ ਵਿੱਚੋਂ ਕਿਸੇ ਇੱਕ ਦੀ ਛੋਟੀ ਜਿਹੀ ਗ਼ਲਤੀ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ, ਇਸ ਲਈ ਕੋਈ ਵੀ ਆਪਣੀ ਜਿੰਮੇਵਾਰੀ ਤੋਂ ਭੱਜਣ ਦੀ ਕੋਸ਼ਿਸ਼ ਨਾ ਕਰੇ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਬੀਤੇ ਦਿਨੀਂ ਸਮਾਣਾ ਦੇ ਬੱਚਿਆਂ ਨਾਲ ਵਾਪਰਿਆ ਭਿਆਨਕ ਹਾਦਸਾ ਟਾਲਿਆ ਜਾ ਸਕਦਾ ਸੀ, ਪ੍ਰੰਤੂ ਅਜਿਹੀ ਕੁਤਾਹੀ ਭਵਿੱਖ ਵਿੱਚ ਨਹੀਂ ਹੋਣ ਦਿੱਤੀ ਜਾ ਸਕਦੀ, ਇਸ ਲਈ ਸਾਰੇ ਨਿਜੀ ਸਕੂਲ, ਟਰਾਂਸਪੋਰਟ ਦੇ ਪ੍ਰਬੰਧਾਂ ਲਈ ਮਾਪਿਆਂ ਜਿੰਨੇ ਹੀ ਜਿੰਮੇਵਾਰ ਹੋਣਗੇ। ਇਸ ਤੋਂ ਬਿਨ੍ਹਾਂ ਪੁਲਿਸ, ਟਰਾਂਸਪੋਰਟ, ਸਿੱਖਿਆ ਤੇ ਬਾਲ ਸੁਰੱਖਿਆ ਵਿਭਾਗਾਂ ਵੱਲੋਂ ਆਪਣੀ ਚੈਕਿੰਗ ਹੋਰ ਤੇਜ਼ ਕੀਤੀ ਜਾਵੇਗੀ, ਤਾਂ ਜੋ ਕੋਈ ਵੀ ਸਕੂਲ ਵਾਹਨ ਬੱਚਿਆਂ ਦੀ ਜਿੰਦਗੀ ਨਾਲ ਖਿਲਵਾੜ ਨਾ ਕਰ ਸਕੇ।


ਡਿਪਟੀ ਕਮਿਸ਼ਨਰ ਨੇ ਸਖ਼ਤੀ ਨਾਲ ਆਖਿਆ ਕਿ ਜੇਕਰ ਬੱਚਿਆਂ ਦੀ ਸੁਰੱਖਿਅਤ ਆਵਾਜਾਈ ਦੇ ਮਾਮਲੇ ਜੇਕਰ ਕਿਸੇ ਵੀ ਧਿਰ ਦੀ ਕੋਈ ਨਿੱਕੀ ਜਿਹੀ ਕੁਤਾਹੀ ਵੀ ਸਾਹਮਣੇ ਆਈ ਤਾਂ ਉਹ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਉਨ੍ਹਾਂ ਨੇ ਸਮੂਹ ਨਿਜੀ ਸਕੂਲਾਂ ਦੇ ਮੁਖੀਆਂ ਤੇ ਪ੍ਰਬੰਧਕਾਂ ਤੇ ਸਬੰਧਤ ਵਿਭਾਗਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਉਹ ਖ਼ੁਦ ਚੈਕਿੰਗ ਕਰਨਗੇ, ਇਸ ਲਈ ਆਵਾਜਾਈ ਦੇ ਸੁਰੱਖਿਅਤ ਅਤੇ ਸੇਫ਼ ਸਕੂਲ ਵਾਹਨ ਨੀਤੀ ਮੁਤਾਬਕ ਨਿਰਧਾਰਤ ਵਾਹਨ ਹੀ ਸਕੂਲੀ ਆਵਾਜਾਈ ਲਈ ਵਰਤੇ ਜਾਣ।

ਡਾ. ਪ੍ਰੀਤੀ ਯਾਦਵ ਨੇ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਜਿੰਦਗੀ ਸੁਰੱਖਿਅਤ ਵਾਹਨਾਂ ਵਿੱਚ ਹੀ ਸੁਰੱਖਿਅਤ ਸਮਝਣ ਅਤੇ ਇਸ ਸਬੰਧੀ ਪੂਰਾ ਸਹਿਯੋਗ ਕਰਨ ਤਾਂ ਕਿ ਉਨ੍ਹਾਂ ਦੇ ਬੱਚੇ ਸਕੂਲਾਂ ਵਿੱਚ ਸੁਰੱਖਿਅਤ ਢੰਗ ਨਾਲ ਆ ਤੇ ਜਾ ਸਕਣ। ਉਨ੍ਹਾਂ ਦੇ ਨਾਲ ਏ.ਡੀ.ਸੀ. ਇਸ਼ਾ ਸਿੰਗਲ, ਆਰ.ਟੀ.ਓ. ਬਬਨਦੀਪ ਸਿੰਘ ਵਾਲੀਆ ਤੇ ਹੋਰ ਸਬੰਧਤ ਅਧਿਕਾਰੀ ਤੇ ਪਤਵੰਤੇ ਮੌਜੂਦ ਸਨ।