ਚੱਬੇਵਾਲ ਦੇ ਹਰ ਬੱਚੇ ਨੂੰ ਮਿਲੇਗੀ ਮਿਆਰੀ ਸਿੱਖਿਆ – ਡਾ. ਇਸ਼ਾਂਕ ਕੁਮਾਰ

ਚੱਬੇਵਾਲ ( ਹਰਪਾਲ ਲਾਡਾ ): ਮੇਰੇ ਹਲਕਾ ਚੱਬੇਵਾਲ ਦੇ ਹਰ ਬੱਚੇ ਨੂੰ ਮਿਆਰੀ ਸਿੱਖਿਆ ਉਪਲੱਬਧ ਹੋਵੇ , ਇਸ ਦੇ ਲਈ ਮੈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਨੂੰ ਆਪਣੇ ਹਲਕਾ ਵਾਸੀਆਂ ਤੱਕ ਪਹੁੰਚਾਉਣ ਲਈ ਕੰਮ ਕਰ ਰਿਹਾ ਹਾਂ, ਇਹ ਵਿਚਾਰ ਵਿਧਾਇਕ ਚੱਬੇਵਾਲ ਡਾ. ਇਸ਼ਾਂਕ ਕੁਮਾਰ ਨੇ ਸਾਂਝੇ ਕੀਤੇ ਜਿਸ ਵਕਤ ਉਹ ਵਿਧਾਨ ਸਭਾ ਖੇਤਰ ਚੱਬੇਵਾਲ ਵਿੱਚ ਸਰਕਾਰੀ ਸਕੂਲਾਂ ਵਿੱਚ ਵਿੱਦਿਅਕ ਸਾਲ 2025-26 ਦੀ ਦਾਖਲਾ ਮੁਹਿੰਮ ਸੰਬੰਧੀ ਵਿਚਾਰ-ਵਟਾਂਦਰਾ ਕਰ ਰਹੇ ਸਨ।
ਦਾਖਲਾ ਮੁਹਿੰਮ ਨੂੰ ਹੋਰ ਤੇਜ਼ੀ ਦੇਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਿਆਣ ਚੱਬੇਵਾਲ ਤੋਂ ਸਿੱਖਿਆ ਵਿਭਾਗ ਦੇ ਪ੍ਰਚਾਰ ਰੱਥ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੌਰਾਨ ਡਾ. ਇਸ਼ਾਂਕ ਨੇ ਸਰਕਾਰੀ ਸਕੂਲਾਂ ਵਿੱਚ ਦਾਖਲੇ ਦੀ ਮਹੱਤਤਾ ਉੱਤੇ ਚਾਨਣ ਪਾਇਆ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਦੀ ਅਪੀਲ ਕੀਤੀ।ਡਾ. ਇਸ਼ਾਂਕ ਨੇ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਨਿੱਤ ਨਵੇਂ ਉਪਰਾਲੇ ਕਰ ਰਹੀ ਹੈ।


ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਹੁਣ ਆਧੁਨਿਕ ਸਿੱਖਿਆ ਪ੍ਰਣਾਲੀ ਉਪਲੱਬਧ ਹੈ, ਜੋ ਬੱਚਿਆਂ ਦੇ ਭਵਿੱਖ ਨੂੰ ਨਿਖਾਰਨ ਵਿੱਚ ਮਦਦਗਾਰ ਸਾਬਤ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਦਾਖਲਾ ਮੁਹਿੰਮ ਤਹਿਤ ਘਰ-ਘਰ ਤੱਕ ਪਹੁੰਚ ਬਣਾਈ ਜਾ ਰਹੀ ਹੈ। ਇਸ ਮੌਕੇ ‘ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ। ਵਿਧਾਇਕ ਨੇ ਪ੍ਰਚਾਰ ਰੱਥ ਨੂੰ ਰਵਾਨਾ ਕਰਦੇ ਹੋਏ ਉਮੀਦ ਜਤਾਈ ਕਿ ਇਹ ਮੁਹਿੰਮ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਜਾਗਰੂਕਤਾ ਪੈਦਾ ਕਰੇਗੀ ਅਤੇ ਵਧੇਰੇ ਤੋਂ ਵਧੇਰੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਹੋਣਗੇ।

ਇਸ ਦੌਰਾਨ, ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਵੀ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਹੁਣ ਆਧੁਨਿਕ ਲੈਬਾਂ, ਵਧੀਆ ਵਾਤਾਵਰਣ ਅਤੇ ਯੋਗ ਅਧਿਆਪਕ ਮੌਜੂਦ ਹਨ, ਜੋ ਬੱਚਿਆਂ ਨੂੰ ਗੁਣਵੱਤਾ ਭਰੀ ਸਿੱਖਿਆ ਪ੍ਰਦਾਨ ਕਰ ਰਹੇ ਹਨ।ਇਸ ਮੁਹਿੰਮ ਰਾਹੀਂ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧੂ ਹੋਣ ਦੀ ਸੰਭਾਵਨਾ ਹੈ । ਡਾ. ਇਸ਼ਾਂਕ ਨੇ ਮਾਪਿਆਂ ਨੂੰ ਭਰੋਸਾ ਦਿਵਾਇਆ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਸ਼ਖਸੀਅਤ ਵਿਕਾਸ ਅਤੇ ਅੱਗੇ ਵਧਣ ਲਈ ਸਭ ਤਰੀਕੇ ਦੀਆਂ ਸਹੂਲਤਾਂ ਉਪਲਬਧ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨਵੀਂ ਤਰ੍ਹਾਂ ਦੀ ਸਿੱਖਿਆ ਨੀਤੀ ਅਧੁਨਿਕ ਸਮੇਂ ਦੇ ਮਿਆਰਾਂ ‘ਤੇ ਖਰੀ ਉਤਰੇਗੀ ਅਤੇ ਵਿਦਿਆਰਥੀਆਂ ਨੂੰ ਉਚੀ ਪੱਧਰੀ ਸਿੱਖਿਆ ਪ੍ਰਦਾਨ ਕਰੇਗੀ। ਅਖੀਰ ਵਿੱਚ, ਵਿਧਾਇਕ ਨੇ ਦਾਖਲਾ ਮੁਹਿੰਮ ਦੀ ਸਫਲਤਾ ਲਈ ਸਿੱਖਿਆ ਵਿਭਾਗ ਅਤੇ ਸਕੂਲ ਪ੍ਰਬੰਧਨ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਹ ਉਪਰਾਲਾ ਪੰਜਾਬ ਵਿੱਚ ਸਰਕਾਰੀ ਸਿੱਖਿਆ ਪ੍ਰਣਾਲੀ ਨੂੰ ਹੋਰ ਮਜਬੂਤ ਬਣਾਉਣ ਵਿੱਚ ਯੋਗਦਾਨ ਪਾਏਗਾ।
ਇਸ ਮੌਕੇ ਪ੍ਰਿੰਸੀਪਲ ਭਰਤ ਭੂਸ਼ਣ, ਸਾਬਕਾ ਸਰਪੰਚ ਸ਼ਿਵਰੰਜਨ ਸਿੰਘ, ਸਰਪੰਚ ਚਰਨਜੀਤ ਸਿੰਘ,ਓਂਕਾਰ ਨਾਥ ਚੱਬੇਵਾਲ, ਸ਼ਿੰਧਰਪਾਲ ਸਰਪੰਚ ਪੱਟੀ, ਸਰਪੰਚ ਮਹਿਨਾ, ਪ੍ਰਿੰਸੀਪਲ ਜਤਿੰਦਰ ਸਿੰਘ ਜਿਲ੍ਹਾ ਸਮਾਰਟ ਕਲਾਸਰੂਮ ਕੋਆਰਡੀਨੇਟਰ, ਪ੍ਰਿੰਸੀਪਲ ਮਰਿਦੁਲਾ ਸ਼ਰਮਾ, ਪ੍ਰਿੰਸੀਪਲ ਰਾਕੇਸ਼ ਕੁਮਾਰ, ਕੋਆਰਡੀਨੇਟਰ ਸਤੀਸ਼ ਕੁਮਾਰ, ਰਜਨੀਸ਼ ਕੁਮਾਰ ਗੁਲਿਆਨੀ,ਮੈਡਮ ਰਵਿੰਦਰ ਕੌਰ,ਮੈਡਮ ਮੇਨਕਾ ਭੱਟੀ ,ਰਣਜੀਤ ਸਿੰਘ, ਅਮਰਜੀਤ ਕੌਰ ,ਸੁਖਵੰਤ ਕੌਰ, ਸੁੱਖਵਿੰਦਰ ਕੌਰ ਅਤੇ ਭਾਰੀ ਗਿਣਤੀ ਵਿੱਚ ਇਲਾਕੇ ਦੇ ਲੋਕ ਸ਼ਾਮਿਲ ਸਨ