
ਅੰਮ੍ਰਿਤਸਰ, 18 ਮਾਰਚ ( ਹਰਪਾਲ ਲਾਡਾ ): ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸ਼ੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਵਿਸ਼ਵ ਪ੍ਰਸਿੱਧ ਨਾਟ ਸੰਸਥਾ ਮੰਚ–ਰੰਗਮੰਚ ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ 25 ਵਾਂ 10 ਦਿਨਾਂ ਰਾਸ਼ਟਰੀ ਰੰਗਮੰਚ ਉਤਸਵ ਦੇ ਚੌਥੇ ਦਿਨ ਗੁਰਮੇਲ ਸ਼ਾਮ ਨਗਰ ਦੁਆਰਾ ਲਿਖੇ ਅਤੇ ਨਿਰਦੇਸ਼ਤ ਕੀਤੇ ਦੋ ਨਾਟਕ ‘ਜੁੱਤੀ ਕਸੂਰੀ’ ਅਤੇ ਮੇਰੇ ਖ਼ੂਨ ਨੇ ਰੁੱਖ ਸਿੰਜਿਆ ਹੈ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤੇ ਗਏ।
ਜੁੱਤੀ ਕਸੂਰੀ ਨਾਟਕ ਪੰਜਾਬੀ ਲੋਕ ਗਾਇਕਾ ਪਦਮ ਸ੍ਰੀ ਸੁਰਿੰਦਰ ਕੌਰ ਜੀ ਦੀ ਗਾਇਕੀ ਅਤੇ ਜੀਵਨੀ ਤੇ ਅਧਾਰਿਤ ਹੈ। ਜਿਸ ਵਿੱਚ ਉਨ੍ਹਾਂ ਦੇ ਜੀਵਨ ਦੇ ਵੱਖ–ਵੱਖ ਪਹਿਲੂਆਂ ਤੋਂ ਇਲਾਵਾਂ ਪੰਜਾਬੀ ਲੋਕ ਗੀਤਾਂ ਦੀ ਭਾਵਭਿੰਨੀ ਮਿਠਾਸ ਦਾ ਰੰਗ ਇਸ ਨਾਟਕ ਵਿੱਚ ਵੇਖਣ ਨੂੰ ਮਿਲਿਆ। ਜੁਤੀ ਕਸੂਰੀ ਨਾਟਕ ਦੀ ਮੁੱਖ ਭੂਮਿਕਾ ਰਮਨ ਰੂਪੋਵਾਲੀ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ।


ਦੂਸਰਾ ਨਾਟਕ ‘ਮੇਰੇ ਖ਼ੂਨ ਨੇ ਰੁੱਖ ਸਿੰਜਿਆ ਹੈ’ ਸ਼ਹੀਦ–ਏ–ਆਜ਼ਮ ਭਗਤ ਸਿੰਘ ਦੀ ਕੁਰਬਾਨੀ ਅਤੇ ਵਿਚਾਰਧਾਰਾ ’ਤੇ ਰੋਸ਼ਨੀ ਪਾਉਂਦਾ ਹੈ। ਇਸ ਨਾਟਕ ਵਿੱਚ ਸਤਬੀਰ ਸਿੰਘ, ਗੁਰਦੀਪ ਸਿੰਘ, ਵਿਸ਼ਾਲ, ਦੀਪਕ ਕੁਮਾਰ, ਮਨੋਹਰ ਸਿੰਘ, ਨਰਾਇਣ, ਦਾਮਿਨੀ, ਮਨਜੀਤ ਕੌਰ, ਸਚਿਨਪ੍ਰੀਤ ਸਿੰਘ ਅਤੇ ਪਲਕ ਨੇ ਵੱਖ–ਵੱਖ ਭੂਮਿਕਾਵਾਂ ਨਿਭਾਇਆ।

ਗੀਤ ਅਤੇ ਸੰਗੀਤ ਆਸ਼ੀਸ਼ਪ੍ਰੀਤ ਸਿੰਘ ਅਤੇ ਗੁਰਮੇਲ ਸ਼ਾਮ ਨਗਰ ਵੱਲੋਂ ਦਿੱਤਾ ਗਿਆ। ਰੋਸ਼ਨੀ ਪ੍ਰਭਾਵ ਹਰਪ੍ਰੀਤ ਸਿੰਘ ਵੱਲੋਂ ਬਾਖੂਬੀ ਨਿਭਾਇਆ ਗਿਆ।
ਇਸ ਮੌਕੇ ਕੇਵਲ ਧਾਲੀਵਾਲ, ਕੁਲਬੀਰ ਸੂਰੀ, ਪ੍ਰਿੰ. ਮੋਨਾ ਕੌਰ, ਜਸਬੀਰ ਗਰੇਵਾਲ,ਮਾਸਟਰ ਕੁਲਜੀਤ ਵੇਰਕਾ ਸਮੇਤ ਨਾਟ ਪ੍ਰੇਮੀ ਹਾਜ਼ਰ ਸਨ।