ਕੱਲ ਤੋਂ ਸ਼ੁਰੂ ਹੋ ਰਹੀ ਹੈ ਬੱਚਿਆਂ ਲਈ ਵਿਸ਼ੇਸ਼ ਪੇਂਟਾਵੇਲੈਂਟ ਟੀਕਾਕਰਣ ਮੁਹਿੰਮ : ਡਾ ਸੀਮਾ ਗਰਗ
ਹੁਸ਼ਿਆਰਪੁਰ 22 ਦਿਸੰਬਰ 2024 ( ਹਰਪਾਲ ਲਾਡਾ ): ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੱਚਿਆਂ ਲਈ ਪੇਂਟਾਵੇਲੈਂਟ ਅਤੇ ਹੋਰ ਵੈਕਸੀਨੇਸ਼ਨ ਦੀ ਵਿਸ਼ੇਸ਼ ਮੁਹਿੰਮ ਕੱਲ ਤੋਂ ਜ਼ਿਲੇ ਭਰ ਵਿੱਚ ਆਰੰਭ ਹੋਵੇਗੀ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲਾ ਟੀਕਾਕਰਣ ਅਫ਼ਸਰ ਡਾ ਸੀਮਾ ਗਰਗ ਨੇ ਦੱਸਿਆ ਕਿ ਪੂਰੇ ਜ਼ਿਲੇ ਅੰਦਰ 23 ਦਿਸੰਬਰ ਤੋਂ 31 ਦਿਸੰਬਰ ਤੱਕ ਵਿਸ਼ੇਸ਼ ਪੇਂਟਾਵੇਲੈਂਟ ਟੀਕਾਕਰਣ ਮੁਹਿੰਮ ਚਲਾਈ ਜਾਵੇਗੀ।
ਇਸ ਦੌਰਾਨ ਹਾਈ ਰਿਸਕ ਏਰੀਆ ਜਿਵੇਂ ਕਿ ਝੁੱਗੀ ਝੋਪੜੀ ਇੱਟਾਂ ਦੇ ਭੱਠੇ ਅਤੇ ਕੰਸਟ੍ਰਕਸ਼ਨ ਸਾਈਟਾਂ ਤੇ ਟੀਕਾਕਰਣ ਸੈਸ਼ਨ ਲਗਾਏ ਜਾਣਗੇ।ਇਸ ਮੁਹਿੰਮ ਵਿਚ ਸੰਪੂਰਨ ਟੀਕਾਕਰਣ ਤੋਂ ਵਾਂਝੇ,ਲੈਫਟ ਆਊਟ ਅਤੇ ਡਰਾਪ ਆਊਟ ਬੱਚਿਆਂ ਦੇ ਟੀਕਾਕਰਨ ਤੇ ਵਿਸ਼ੇਸ਼ ਫੋਕਸ ਕੀਤਾ ਜਾਵੇਗਾ।
ਡਾ ਸੀਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਬੱਚੇ ਦੇ ਸਮੁੱਚੇ ਵਿਕਾਸ ਲਈ ਸੰਪੂਰਨ ਟੀਕਾਕਰਣ ਅਤਿ ਜਰੂਰੀ ਹੈ, ਜੋ ਕਿ ਬੱਚਿਆਂ ਨੂੰ 11 ਮਾਰੂ ਬਿਮਾਰੀਆਂ ਤੋਂ ਸੁਰੱਖਿਅਤ ਕਰਦਾ ਹੈ।ਉਹਨਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਪੇਂਟਾਵੇਲੈਂਟ ਦੇ ਨਾਲ ਨਾਲ ਬਾਕੀ ਰਹਿੰਦੇ ਟੀਕੇ ਸਮੇਂ ਸਿਰ ਲਗਵਾਉਣ।
ਇਸ ਮੁਹਿੰਮ ਲਈ ਵਿਭਾਗ ਵਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਸੈਸ਼ਨ ਸਾਈਟਾਂ ਤੇ ਸਾਰੇ ਟੀਕੇ ਉਪਲਭਦ ਰਹਿਣਗੇ। ਇਸ ਮੁਹਿੰਮ ਦਾ ਮੁੱਖ ਮਕਸਦ ਇਹੀ ਹੈ ਕਿ, ਟੀਕਾਕਰਣ ਹਰ ਬੱਚੇ ਦਾ ਅਧਿਕਾਰ ਹੈ ਤੇ ਕੋਈ ਵੀ ਬੱਚਾ ਇਸ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਮਾਤਾ ਪਿਤਾ ਆਪਣੇ ਨੇੜੇ ਦੇ ਸਿਹਤ ਕੇਂਦਰ ਜਾਂ ਸਪੈਸ਼ਲ ਸਾਈਟ ਤੇ ਲਗਾਏ ਗਏ ਸੈਸ਼ਨ ਤੇ ਖੁਦ ਜਾ ਕੇ ਆਪਣੇ ਬੱਚੇ ਦਾ ਟੀਕਾਕਰਣ ਕਰਵਾਉਣ।