ਸਰਕਾਰੀ ਕਾਲਜ ਵਿੱਚ ‘‘ਏਕਤਾ ਹਫਤਾ, 2024“ ਅਤੇ ਸਾਮਪਰਦਾਇਕ ਸਦਭਾਵ ਅਭਿਆਨ ਹਫਤਾ, 2024 ਮਨਾਇਆ ਗਿਆ
ਹੁਸ਼ਿਆਰਪੁਰ : ਸਰਕਾਰੀ ਕਾਲਜ, ਹੁਸ਼ਿਆਰਪੁਰ ਵਿੱਚ ਮਿਤੀ 19 ਨਵੰਬਰ, 2024 ਤੋਂ 25 ਨਵੰਬਰ, 2024 ਤੱਕ ਰਾਸ਼ਟਰ ਪੱਧਰ ਤੇ ਮਨਾਏ ਜਾਂਦੇ ਏਕਤਾ ਹਫਤਾ ਅਤੇ ਸਾਮਪਰਦਾਇਕ ਸਦਭਾਵ ਅਭਿਆਨ ਹਫਤਾ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਜੀ ਦੀ ਅਗਵਾਈ ਵਿੱਚ ਐਨ.ਐਸ.ਐਸ. ਅਤੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ. ਵਿਜੇ ਕੁਮਾਰ ਦੇ ਸਹਿਯੋਗ ਨਾਲ ਮਨਾਇਆ ਗਿਆ। ਜਿਸ ਵਿੱਚ ਵਿਸ਼ੇ ਅਨੁਸਾਰ ਪ੍ਰੋ. ਵਿਜੇ ਕੁਮਾਰ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਐਨ.ਐਸ.ਐਸ. ਅਤੇ ਰੈੱਡ ਰਿਬਨ ਕਲੱਬ ਇੰਚਾਰਜ ਪ੍ਰੋ. ਵਿਜੇ ਕੁਮਾਰ ਨੇ ਏਕਤਾ ਸ਼ਬਦ ਤੇ ਚਾਨਣਾ ਪਾਉਂਦੇ ਹੋਏ ਜਾਤ-ਪਾਤ, ਉੱਚ-ਨੀਚ, ਗਰੀਬ-ਅਮੀਰ, ਧਰਮ, ਭਾਸ਼ਾ ਤੋਂ ਉਪਰ ਉਠ ਕੇ ਹਰ ਤਰ੍ਹਾਂ ਦੀ ਏਕਤਾ ਬਣਾਉਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ, ਜਿਸਦੀ ਕਿ ਅੱਜ ਦੇ ਸਮੇਂ ਵਿੱਚ ਬੇਹੱਦ ਲੋੜ ਹੈ। ਉਹਨਾਂ ਨੇ ਕਿਹਾ ਕਿ ਜੇਕਰ ਅੱਜ ਦੇ ਸਮੇਂ ਵਰਗਾ ਭੇਦਭਾਵ ਭਵਿੱਖ ਵਿੱਚ ਵੀ ਜਾਰੀ ਰਹਿੰਦਾ ਹੈ ਤਾਂ ਇਸ ਦੁਨੀਆਂ ਦਾ ਵਿਨਾਸ਼ ਹੋਣਾ ਲਾਜ਼ਮੀ ਹੈ।
ਸਾਮਪਰਦਾਇਕ ਸਦਭਾਵ ਅਭਿਆਨ ਦੇ ਅਧੀਨ ਪ੍ਰੋ. ਵਿਜੇ ਕੁਮਾਰ ਨੇ ਕਿਹਾ ਕਿ ਸਾਨੂੰ ਉਹਨਾਂ ਬੱਚਿਆਂ ਦੀ ਹਮੇਸ਼ਾ ਹੀ ਮਦਦ ਕਰਨੀ ਚਾਹੀਦੀ ਹੈ ਜਿਹੜੇ ਕਿ ਹਿੰਸਾ ਦੇ ਸ਼ਿਕਾਰ ਹੋ ਕੇ ਆਪਣੇ ਮਾਂ-ਬਾਪ ਅਤੇ ਰਿਸ਼ਤੇਦਾਰਾਂ ਨੂੰ ਗੁਆ ਕੇ ਅਨਾਥ ਹੋ ਗਏ ਹਨ।
ਉਹਨਾਂ ਕਿਹਾ ਕਿ ਸਾਨੂੰ ਹਿੰਸਾ ਨੂੰ ਕਿਸੇ ਵੀ ਹਲਾਤਾਂ ਵਿੱਚ ਨਹੀਂ ਅਪਨਾਉਣਾ ਚਾਹੀਦਾ ਸਗੋਂ ਇੱਕ-ਦੂਜੇ ਨਾਲ ਪਿਆਰ ਅਤੇ ਭਾਈਚਾਰੇ ਨੂੰ ਬਣਾ ਕੇ ਇਕੱਠੇ ਰਹਿਣਾ ਚਾਹੀਦਾ ਹੈ। ਇੱਕ ਪ੍ਰਮਾਤਮਾ ਦੇ ਬਣਾਏ ਅਸੀਂ ਸਾਰੇ ਬਰਾਬਰ ਹਾਂ। ਹਿੰਸਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ।