ਬਸਪਾ ਆਗੂਆਂ ਨੇ ਹਾਥੀ ਤੋਂ ਉਤਰ ਕੇ ਫੜ੍ਹਿਆ ਝਾੜੂ
ਚੱਬੇਵਾਲ : ਹਲਕਾ ਚੱਬੇਵਾਲ ਜਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ ਇਸ਼ਾਂਕ ਕੁਮਾਰ ਦੀ ਚੋਣ ਮੁਹਿੰਮ ਦਿਨੋ ਦਿਨ ਤੀਬਰ ਹੁੰਦੀ ਜਾ ਰਹੀ ਹੈ ਅਤੇ ਆਮ ਜਨਤਾ ਦੇ ਨਾਲ ਨਾਲ ਹੋਰਨਾਂ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਦਾ ਵੀ ਸਮਰਥਨ ਉਹਨਾਂ ਨੂੰ ਮਿਲ ਰਿਹਾ ਹੈ| ਬੀਤੇ ਦਿਨੀਂ ਪਿੰਡ ਸਾਹਰੀ ਵਿਖੇ ਪੂਰੀ ਪੰਚਾਇਤ ਅਤੇ ਵੱਡੀ ਗਿਣਤੀ ਵਿਚ ਬਸਪਾ ਆਗੂਆਂ ਨੇ ਆਪਣੇ ਨੌਜਵਾਨ ਸਮਰਥਕਾਂ ਦੇ ਨਾਲ ਡਾ. ਇਸ਼ਾਂਕ ਦੇ ਹਕ਼ ਵਿਚ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕੀਤੀ |
ਇਸ ਦੇ ਨਾਲ ਹੀ ਹਲਕਾ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ ਰਾਜ ਕੁਮਾਰ ਦੀ ਅਗੁਵਾਈ ਵਿਚ ਬਸੀ ਦੌਲਤ ਖਾਂ ਦੀ ਸਮੁੱਚੀ ਪੰਚਾਇਤ ਅਤੇ ਬਸਪਾ ਸਮਰਥਕ ਪਰਿਵਾਰਾਂ ਨੇ ਵੀ ਹਾਥੀ ਤੋਂ ਉਤਰ ਕੇ ਡਾ ਇਸ਼ਾਂਕ ਨਾਲ ਜੁੜਨ ਦਾ ਫੈਸਲਾ ਕੀਤਾ | ਇਸ ਮੌਕੇ ‘ਤੇ ਬਸਪਾ ਆਗੂਆਂ ਦੁਆਰਾ ਦੱਸਿਆ ਗਿਆ ਕਿ ਸਾਬਕਾ ਬਸਪਾ ਲੀਡਰ ਰਣਜੀਤ ਕੁਮਾਰ ਨੇ ਕਾਂਗਰਸ ਵਿਚ ਸ਼ਾਮਿਲ ਹੋ ਕੇ ਸਾਡੀਆਂ ਭਾਵਨਾਂਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਬਸਪਾ ਨੇ ਵੀ ਆਪਣਾ ਕੋਈ ਲੀਡਰ ਨਹੀਂ ਖੜਾ ਕੀਤਾ ਜਿਸ ਨਾਲ ਅਸੀਂ ਠਗੇ ਹੋਏ ਮਹਿਸੂਸ ਕਰ ਰਹੇ ਹਾਂ |
ਉਹਨਾਂ ਕਿਹਾ ਕਿ ਡਾ ਰਾਜ ਨੇ ਹਮੇਸ਼ਾਂ ਹਰ ਇਕ ਵਰਗ, ਖਾਸਕਰ ਦਲਿਤ ਸਮਾਜ ਦੇ ਹਿਤਾਂ ਲਈ ਕੰਮ ਕੀਤਾ ਹੈ | ਉਹਨਾਂ ਦੁਆਰਾ ਚੱਬੇਵਾਲ ਹਲਕੇ ਵਿਚ ਕੀਤੇ ਗਏ ਵਿਕਾਸ ਕਾਰਜ ਆਪ ਆਪਣੀ ਕਹਾਣੀ ਸੁਣਾਉਂਦੇ ਹਨ | ਵੱਡੇ ਪੈਮਾਨੇ ‘ਤੇ ਕੀਤੇ ਗਏ ਕੰਮਾਂ ਨੇ ਹਰ ਦਿਲ ‘ਤੇ ਆਪਣੀ ਛਾਪ ਛੱਡੀ ਹੈ ਅਤੇ ਹੁਣ ਡਾ. ਇਸ਼ਾਂਕ ਦੇ ਵਿਵਹਾਰ ਅਤੇ ਵਾਅਦਿਆਂ ਵਿਚ ਵੀ ਉਹਨਾਂ ਦੇ ਪਿਤਾ ਡਾ ਰਾਜ ਦੇ ਸੰਸਕਾਰਾਂ ਦੀ ਝਲਕ ਵਿਖਾਈ ਦਿੰਦੀ ਹੈ |
ਇਸੀ ਕਰਕੇ ਅਸੀਂ ਜਨਤਕ ਤੌਰ ‘ਤੇ ਉਹਨਾਂ ਦੇ ਸਮਰਥਨ ਵਿਚ ਆ ਕੇ ਭਾਰੀ ਬਹੁਮਤ ਨਾਲ ਉਹਨਾਂ ਨੂੰ ਜਿਤਾਉਣ ਲਈ ਦਿਨ-ਰਾਤ ਇਕ ਕਰਾਂਗੇ| ਡਾ ਰਾਜ ਨੇ ਸਾਰੇ ਨਵੇਂ ਜੁੜੇ ਸਾਥੀਆਂ ਦਾ ਪਾਰਟੀ ਵਿਚ ਸੁਆਗਤ ਕੀਤਾ ਅਤੇ ਉਹਨਾਂ ਦੀਆਂ ਉਮੀਦਾਂ ‘ਤੇ ਖਰੇ ਉਤਰਨ ਦਾ ਵਿਸ਼ਵਾਸ ਦਿਵਾਉਂਦਿਆਂ ਉਹਨਾਂ ਨੂੰ ਪੂਰੇ ਮਾਨ-ਸਨਮਾਨ ਸਹਿਤ ਨਾਲ ਲੈ ਕੇ ਚੱਲਣ ਦਾ ਵੀ ਭਰੋਸਾ ਦਿੱਤਾ | ਇਸ ਮੌਕੇ ‘ਤੇ ਬਸਪਾ ਆਗੂਆਂ, ਪੰਚਾਇਤ ਮੈਂਬਰਾਂ ਦੇ ਨਾਲ ਭਾਰੀ ਗਿਣਤੀ ਵਿਚ ਇਹਨਾਂ ਪਿੰਡਾਂ ਦੇ ਨਿਵਾਸੀ ਵੀ ਹਾਜ਼ਰ ਸਨ