ਡੀ.ਏ.ਪੀ ਖਾਦ ਦੀ ਕਾਲਾਬਾਜ਼ਾਰੀ ਰੋਕਣ ਲਈ ਲਗਾਤਾਰ ਹੋ ਰਹੀ ਹੈ ਜਾਂਚ : ਮੁੱਖ ਖੇਤੀਬਾੜੀ ਅਫ਼ਸਰ
ਹੁਸ਼ਿਆਰਪੁਰ, 6 ਨਵੰਬਰ : ਹੁਸ਼ਿਆਰਪੁਰ ਜ਼ਿਲ੍ਹੇ ਵਿਚ ਡੀ.ਏ.ਪੀ. ਖਾਦ ਦੀ ਕਾਲਾਬਾਜਾਰੀ ਨੂੰ ਰੋਕਣ ਲਈ ਮੁੱਖ ਖੇਤੀਬਾੜੀ ਅਫ਼ਸਰ ਡਾ. ਦੀਪਇੰਦਰ ਸਿੰਘ ਨੇ ਅੱਜ ਸਾਰੇ ਬਲਾਕ ਖੇਤੀਬਾੜੀ ਅਫ਼ਸਰ ਅਤੇ ਖੇਤੀਬਾੜੀ ਵਿਕਾਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾਰੀ ਕੀਤੇ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਡੀ.ਏ.ਪੀ ਖਾਦ ਦੀ ਵਿਕਰੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਕਾਲਾਬਾਜ਼ਾਰੀ ਅਤੇ ਬੇਲੋੜੀ ਸਮੱਗਰੀ ਦੀ ਟੈਗਿੰਗ ’ਤੇ ਸਖਤੀ ਨਾਲ ਰੋਕ ਲਗਾਈ ਜਾਵੇ ਅਤੇ ਇਸ ਦੇ ਲਈ ਲਗਾਤਾਰ ਚੈਕਿੰਗ ਕੀਤੀ ਜਾਵੇ।
ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਡੀ.ਏ.ਪੀ. ਦੇ ਵਿਕਲਪ ਦੇ ਰੂਪ ਵਿਚ ਇਸਤੇਮਾਲ ਕੀਤੀ ਜਾ ਸਕਣ ਵਾਲੀਆਂ ਹੋਰ ਫਾਸਫੇਟਿਕ ਖਾਦਾਂ ਦੀ ਜਾਣਕਾਰੀ ਵੀ ਦਿੱਤੀ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਡੀ.ਏ.ਪੀ ਖਾਦ ਦੀ ਉਪਲਬੱਧਤਾ ਯਕੀਨੀ ਬਣਾਈ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਖਾਦ ਵੀ ਪਹੁੰਚ ਜਾਵੇਗੀ।
ਉਨ੍ਹਾਂ ਵਿਕਰੇਤਾਵਾਂ ਨੂੰ ਨਿਰਦੇਸ਼ ਦਿੱਤੇ ਕਿ ਖਾਦ ਦਾ ਸਟਾਕ ਕਿਸਾਨਾਂ ਨੂੰ ਤੁਰੰਤ ਵੇਚਿਆ ਜਾਵੇ ਅਤੇ ਉਸ ਦਾ ਪੂਰਾ ਰਿਕਾਰਡ ਰੱਖਿਆ ਜਾਵੇ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਫ਼ਸਲ ਲਈ ਹੋਰ ਉਪਲਬੱਧ ਫਾਸਫੇਟਿਕ ਖਾਦਾਂ ਦੀ ਵੀ ਵਰਤੋਂ ਕਰਨ। ਵਰਤਮਾਨ ਵਿਚ ਡੀ.ਏ.ਪੀ. ਖਾਦ ਦੇ ਕਈ ਵਿਕਲਪ ਉਪਲਬੱਧ ਹਨ, ਜਿਵੇਂ ਕਿ ਐਨ.ਪੀ.ਕੇ. 12:32:16, ਐਸ.ਐਸ.ਪੀ ਅਤੇ ਟੀ.ਐਸ.ਪੀ ਖਾਦ ਜੋ ਕਿਸਾਨਾਂ ਲਈ ਬਰਾਬਰ ਦੀ ਫਾਇਦੇਮੰਦ ਹਨ।