ਗੁੜ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਸਿਹਤ ਵਿਭਾਗ ਦੀ ਗੁੜ ਦੇ ਵੇਲਣਿਆਂ ਤੇ ਪੈਨੀ ਨਜ਼ਰ
ਹੁਸ਼ਿਆਰਪੁਰ 05 ਨਵੰਬਰ 2024 : ਲੋਕਾਂ ਨੂੰ ਸਾਫ ਅਤੇ ਮਿਆਰੀ ਖਾਧ ਪਦਾਰਥ ਮੁੱਹਈਆ ਕਰਵਾਉਣ ਲਈ ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਡਾ. ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਸਿਹਤ ਅਫਸਰ ਹੁਸ਼ਿਆਰਪੁਰ ਡਾ ਜਤਿੰਦਰ ਭਾਟੀਆ ਅਤੇ ਫੂਡ ਸੇਫਟੀ ਟੀਮ ਵੱਲੋਂ ਹੁਸ਼ਿਆਰਪੁਰ ਦੇ ਨਾਲ ਲਗਦੇ ਕਸਬਾ ਹਰਿਆਣਾ ਵੱਲ ਗੁੜ ਦੇ ਵੇਲਣਿਆਂ ਦੀ ਚੈਕਿੰਗ ਕੀਤੀ ਗਈ।
ਚੈਕਿੰਗ ਦੌਰਾਨ ਪਾਇਆ ਗਿਆ ਕਿ ਨਵਾਂ ਗੁੜ ਬਣਾਉਣ ਲਈ ਪੁਰਾਣਾ ਤੇ ਖ਼ਰਾਬ ਗੁੜ ਵਰਤਿਆ ਜਾ ਰਿਹਾ ਸੀ। ਜ਼ਿਲਾ ਸਿਹਤ ਅਫ਼ਸਰ ਅਤੇ ਉਹਨਾਂ ਦੀ ਟੀਮ ਵੱਲੋਂ ਦੋ ਕੁਇੰਟਲ ਖਰਾਬ ਗੁੜ ਮੌਕੇ ਤੇ ਹੀ ਨਸ਼ਟ ਕਰਵਾਇਆ ਗਿਆ। ਵੇਲਣੇ ਵਾਲਿਆਂ ਨੂੰ ਹਿਦਾਇਤ ਕੀਤੀ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਸਿਹਤ ਵਿਭਾਗ ਦੀ ਟੀਮ ਵੱਲੋਂ ਵੇਲਣਿਆਂ ਤੋਂ ਇਲਾਵਾ ਵੱਖ ਵੱਖ ਥਾਵਾਂ ਤੋਂ ਫਾਸਟ ਫੂਡ ਅਤੇ ਹੋਰ ਖਾਧ ਪਦਾਰਥਾਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਗੁੜ, ਖੰਡ, ਡ੍ਰਾਈ ਖਜੂਰ, ਹਲਦੀ ਅਤੇ ਮਨਚੂਰੀਅਨ ਦੇ ਪੰਜ ਸੈਂਪਲ ਭਰੇ ਗਏ। ਭਰੇ ਗਏ ਸੈਂਪਲ ਲੈਬ ਟੈਸਟ ਖਰੜ ਭੇਜ ਦਿੱਤੇ ਗਏ ਹਨ। ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਡਾ ਭਾਟੀਆ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਵੱਖ ਵੱਖ ਟੀਮਾਂ ਬਣਾ ਕੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ।
ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਮਿਲਾਵਟਖੋਰਾਂ ਵਿਰੁਧ ਸਿਹਤ ਵਿਭਾਗ ਵੱਲੋ ਵਿੱਢੀ ਗਈ ਇਸ ਮੁਹਿੰਮ ਵਿੱਚ ਇਹਨਾਂ ਖਿਲਾਫ ਸੂਚਨਾ ਦੇ ਕੇ ਆਪਣਾ ਬਣਦਾ ਹਿੱਸਾ ਪਾਉਣ ਤਾਂ ਜੋ ਲੋਕਾਂ ਨੂੰ ਸਹੀ ਤੇ ਮਿਆਰੀ ਖਾਧ ਪਦਾਰਥ ਮੁਹੱਈਆ ਕਰਵਾ ਸਕੀਏ।