ਚੱਬੇਵਾਲ ਵਿੱਚ ਪਾਰਟੀ ਦੇ ਸੀਨੀਅਰ ਆਗੂ ਨੇ ਕੀਤਾ ਇਕੱਠ, ਡਾ.ਇਸ਼ਾਂਕ ਦੇ ਹੱਕ ਵਿੱਚ ਪਾਰਟੀ ਵਰਕਰਾਂ ਨੂੰ ਉਤਸ਼ਾਹਿਤ ਕੀਤਾ
ਹੁਸ਼ਿਆਰਪੁਰ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਨੇ ਹੁਸ਼ਿਆਰਪੁਰ-ਚੰਡੀਗੜ੍ਹ ਰੋਡ ‘ਤੇ ਇੱਕ ਨਿੱਜੀ ਸਥਾਨ ‘ਤੇ ਵਿਸ਼ੇਸ਼ ਮੀਟਿੰਗ ਕੀਤੀ। ਇਹ ਮੀਟਿੰਗ ਚੱਬੇਵਾਲ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੀਆਂ ਤਿਆਰੀਆਂ ਨੂੰ ਲੈ ਕੇ ਕੀਤੀ ਗਈ, ਜਿੱਥੇ ਪਾਰਟੀ ਵੱਲੋਂ ਪੂਰੇ ਜੋਸ਼ ਅਤੇ ਉਤਸ਼ਾਹ ਦੇ ਮਾਹੌਲ ਵਿੱਚ ਭਵਿੱਖ ਦੀ ਰਣਨੀਤੀ ਤੈਅ ਕੀਤੀ ਗਈ, ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਦੋ ਕੈਬਨਿਟ ਮੰਤਰੀਆਂ ਡਾ ਰਵਜੋਤ ਸਿੰਘ ਅਤੇ ਮਹੇਂਦਰ ਭਗਤ ਦੇ ਨਾਲ ਸੰਸਦ ਮੈਂਬਰ ਡਾ: ਰਾਜ ਕੁਮਾਰ ਚੱਬੇਵਾਲ, ਡਾ: ਜਤਿੰਦਰ ਕੁਮਾਰ ਤੋਂ ਇਲਾਵਾ ਕਈ ਵਿਧਾਇਕਾਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ |
ਵਿਸ਼ੇਸ਼ ਤੌਰ ‘ਤੇ ਬ੍ਰਹਮ ਸ਼ੰਕਰ ਜਿੰਪਾ ਵਿਧਾਇਕ ਹੁਸ਼ਿਆਰਪੁਰ, ਹਲਕਾ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਅਤੇ ਸੰਤੋਖ ਕੌਰ ਕਟਾਰੀਆ ਵਿਧਾਇਕ ਬਲਾਚੌਰ ਨੇ ਵਰਕਰਾਂ ਦਾ ਮਨੋਬਲ ਵਧਾਇਆ ਅਤੇ ਉਨ੍ਹਾਂ ਨੂੰ ਜਿੱਤ ਲਈ ਲਗਾਤਾਰ ਮਿਹਨਤ ਕਰਦੇ ਰਹਿਣ ਦਾ ਸੱਦਾ ਦਿੱਤਾ |
ਇਸ ਮੌਕੇ ਉਮੀਦਵਾਰ ਹਲਕਾ ਚੱਬੇਵਾਲ ਡਾ.ਇਸ਼ਾਂਕ ਕੁਮਾਰ ਨੇ ਵੀ ਸੰਬੋਧਨ ਕੀਤਾ। ਸਾਰੇ ਆਗੂਆਂ ਨੇ ਵਰਕਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਚੱਬੇਵਾਲ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਸਾਡੇ ਵਿਚੋਂ ਹਰ ਇੱਕ ਨੂੰ ਪੂਰੀ ਤਨਦੇਹੀ ਨਾਲ ਕੰਮ ਕਰਨਾ ਹੋਵੇਗਾ |
ਹੁਸ਼ਿਆਰਪੁਰ ਆਪ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਪਾਬਲਾ, ਚੇਅਰਮੈਨ ਜਤਿੰਦਰ ਔਲਖ, ਚੇਅਰਪਰਸਨ ਕਰਮਜੀਤ ਕੌਰ ਅਤੇ ਚੇਅਰਪਰਸਨ ਸੰਦੀਪ ਸੈਣੀ, ਮੇਅਰ ਸੁਰਿੰਦਰ ਛਿੰਦਾ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਚੱਬੇਵਾਲ ਇਲਾਕੇ ਦੇ ਲੋਕਾਂ ਨੇ ਹਮੇਸ਼ਾ ਹੀ ਵਿਕਾਸ ਅਤੇ ਪਾਰਦਰਸ਼ਤਾ ਦਾ ਸਾਥ ਦਿੱਤਾ ਹੈ ਅਤੇ ਹੁਣ ਵੀ ਉਹ ਇੰਝ ਹੀ ਕਰਨਗੇ ।
ਇਸ ਮੀਟਿੰਗ ਵਿੱਚ ਹਲਕਾ ਵਿਧਾਇਕ ਰਮਨ ਅਰੋੜਾ (ਜਲੰਧਰ) ਅਤੇ ਹਰਜੀ ਮਾਨ (ਫਗਵਾੜਾ) ਨੇ ਵੀ ਹਾਜ਼ਰੀ ਲਗਵਾਈ ਅਤੇ ਵਰਕਰਾਂ ਨੂੰ ਚੋਣ ਪ੍ਰਚਾਰ ਨੂੰ ਹੋਰ ਤੇਜ਼ ਕਰਨ ਲਈ ਪਾਰਟੀ ਵਚਨਬੱਧ ਹੈ। ਮੀਟਿੰਗ ਦਾ ਮਾਹੌਲ ਬਹੁਤ ਹੀ ਉਤਸ਼ਾਹੀ ਅਤੇ ਸਕਾਰਾਤਮਕ ਰਿਹਾ। ਸਾਰੇ ਆਗੂਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਉਹ ਇਸ ਜ਼ਿਮਨੀ ਚੋਣ ਵਿੱਚ ਜਨਤਾ ਦਾ ਭਰੋਸਾ ਜਿੱਤ ਕੇ ਹੋਰ ਮਜ਼ਬੂਤ ਹੋ ਕੇ ਉਭਰਨਗੇ। ਵਰਕਰਾਂ ਨੇ ਪਾਰਟੀ ਪ੍ਰਤੀ ਆਪਣੀ ਵਫ਼ਾਦਾਰੀ ਅਤੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਅਤੇ ਜ਼ਿਮਨੀ ਚੋਣ ਵਿਚ ਜਿੱਤ ਦਰਜ ਕਰਨ ਦਾ ਪ੍ਰਣ ਕੀਤਾ।
ਮੀਟਿੰਗ ਦਾ ਮੁੱਖ ਉਦੇਸ਼ ਸਿਰਫ਼ ਚੋਣ ਤਿਆਰੀਆਂ ਦਾ ਜਾਇਜ਼ਾ ਲੈਣਾ ਹੀ ਨਹੀਂ ਸੀ, ਸਗੋਂ ਵਰਕਰਾਂ ਨੂੰ ਜਿੱਤ ਲਈ ਪ੍ਰੇਰਿਤ ਕਰਨਾ ਅਤੇ ਪਾਰਟੀ ਦੀ ਸੋਚ ਤੋਂ ਜਾਣੂ ਕਰਵਾਉਣਾ ਵੀ ਸੀ। ਇਸ ਮੀਟਿੰਗ ਵਿੱਚ ਆਪ ਦੇ ਕੀ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨਾਂ ਤੋਂ ਇਲਾਵਾ ਵਿਧਾਨ ਸਭਾ ਹਲਕਿਆਂ ਦੇ ਸਮੂਹ ਬਲਾਕ ਪ੍ਰਧਾਨ, ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਪਤਵੰਤੇ ਹਾਜ਼ਰ ਸਨ।