ਵਿਕਾਸ ਕਾਰਜਾਂ ਲਈ ਸਾਡੇ ਯਤਨਾਂ ਵਿਚ ਨਹੀਂ ਹੋਵੇਗੀ ਕੋਈ ਕਮੀ – ਡਾ: ਇਸ਼ਾਂਕ ਕੁਮਾਰ
ਹੁਸ਼ਿਆਰਪੁਰ 23 ਅਕਤੂਬਰ : ਹਾਲ ਵਿਚ ਹੀ ਹੋਈਆਂ ਪੰਚਾਇਤੀ ਚੋਣਾਂ ਵਿਚ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਹੁਣ ਆਪਣੇ ਕੰਮ ਸ਼ੁਰੂ ਕਰਨ ਦੀ ਤਿਆਰੀ ਖਿੱਚ ਰਹੇ ਹਨ | ਹਲਕਾ ਚੱਬੇਵਾਲ ਵਿਚ ਨਾਲ ਲੱਗਦੇ ਹੀ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਘੋਸ਼ਿਤ ਹੋਣ ਨਾਲ ਹਲਕੇ ਵਿਚ ਸਿਆਸੀ ਗਰਮੀ ਹੋਰ ਵੀ ਸ਼ਿਖਰ ‘ਤੇ ਹੈ | ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੁਆਰਾ ਡਾ: ਇਸ਼ਾਂਕ ਕੁਮਾਰ ਨੂੰ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਗਿਆ ਜੋ ਕਿ ਚੱਬੇਵਾਲ ਹਲਕੇ ਦੇ ਸਾਬਕਾ ਵਿਧਾਇਕ ਅਤੇ ਮੌਜੂਦਾ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦੇ ਪੁੱਤਰ ਹਨ |
ਪਿਛਲੇ ਲੰਮੀ ਸਮੇਂ ਤੋਂ ਡਾ: ਇਸ਼ਾਂਕ ਦੁਆਰਾ ਡਾ: ਰਾਜ ਦੇ ਲਈ ਹਲਕੇ ਵਿਚ ਚੋਣ ਪ੍ਰਚਾਰ ਕਰਦਿਆਂ ਆਪਣੀ ਵੀ ਪਹਿਚਾਣ ਬਣਾਈ ਗਈ ਹੈ | ਇਸ ਕਾਰਣ ਨਵ ਨਿਰਵਾਚਤ ਪੰਚਾਇਤਾਂ ਵਲੋਂ ਡਾ: ਇਸ਼ਾਂਕ ਦੇ ਚੱਬੇਵਾਲ ਦਫਤਰ ਅਤੇ ਨਿਵਾਸ ਸਥਾਨ ‘ਤੇ ਪਹੁੰਚ ਕੇ ਉਹਨਾਂ ਨੂੰ ਆਪਣੇ ਸਮਰਥਨ ਦਾ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ |
ਪੰਚਾਇਤਾਂ ਵਲੋਂ ਧਾਰਮਿਕ ਸਮਾਗਮ ਅਤੇ ਸਨਮਾਨ ਸਮਾਰੋਹ ਕਰਵਾਏ ਜਾ ਰਹੇ ਹਨ ਜਿਸ ਵਿਚ ਡਾ: ਇਸ਼ਾਂਕ ਉਚੇਚੇ ਤੌਰ ‘ਤੇ ਹਾਜ਼ਰੀ ਭਰ ਰਹੇ ਹਨ |ਪੰਚਾਇਤ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਡਾ: ਇਸ਼ਾਂਕ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਪਿੰਡਾਂ ਵਿਚ ਜੋ ਵਿਕਾਸ ਕਾਰਜ ਡਾ: ਰਾਜ ਵਲੋਂ ਕਰਵਾਏ ਗਏ ਹਨ ਅਤੇ ਜੋ ਪ੍ਰੋਜੈਕਟ ਚੱਲ ਰਹੇ ਨੇ, ਉਹ ਉਹਨਾਂ ਨੂੰ ਪੂਰਾ ਕਰਣ ਦੇ ਨਾਲ ਨਾਲ ਹਲਕੇ ਦੀ ਤਰੱਕੀ ਅਤੇ ਹਲਕਾ ਵਾਸੀਆਂ ਦੀ ਭਲਾਈ ਲਈ ਹੋਰ ਨਵੇਂ ਪ੍ਰੋਜੈਕਟ ਲਿਆਉਣਗੇ |
ਉਹਨਾਂ ਕਿਹਾ ਕਿ ਉਹ ਹਮੇਸ਼ਾ ਆਪਣੇ ਹਲਕਾ ਵਾਸੀਆਂ ਰੂਪੀ ਪਰਿਵਾਰ ਲਈ ਹਾਜ਼ਰ ਰਹਿਣਗੇ | ਪੰਚਾਇਤਾਂ ਵਲੋਂ ਵੀ ਡਾ: ਰਾਜ ਦੇ ਕੀਤੇ ਕੰਮਾਂ ‘ਤੇ ਮੋਹਰ ਲਗਾਉਂਦਿਆਂ ਡਾ: ਇਸ਼ਾਂਕ ਨੂੰ ਆਪਣੇ ਭਰਪੂਰ ਸਮਰਥਨ ਨਾਲ ਭਾਰੀ ਮਤਦਾਨ ਕਰ ਜਿਤਾਉਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ |